ਮਾਲੇਰਕੋਟਲਾ, 7 ਜਨਵਰੀ (ਬਲਵਿੰਦਰ ਸਿੰਘ ਭੁੱਲਰ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਸਮੁੱਚੀ ਦੁਨੀਆਂ ਅੰਦਰ ਸਤਿਕਾਰੀ ਜਾਂਦੀ ਹੈ ਜਿਸ ਦੇ ਚਲਦਿਆਂ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਇੱਕ ਆਦਰਸ਼ ਸੰਵਿਧਾਨ ਮੰਨ ਕੇ ਸਾਡੇ ਦੇਸ਼ ਭਾਰਤ ਵਿੱਚ ਲਾਗੂ ਕਰ ਦਿੱਤਾ ਜਾਵੇ ਤਾਂ ਸਾਡੇ ਦੇਸ਼ ਨੂੰ ਨਾ ਪੁਲਿਸ ਦੀ ਅਤੇ ਨਾ ਹੀ ਫੌਜ ਦੀ ਲੋੜ੍ਹ ਪਵੇਗੀ ਕਿਉ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਲਾ ਸਮੁੱਚਾ ਫਲਸਫਾ ਅਤੇ ਸਮੁੱਚਾ ਆਦਰਸ਼ਵਾਦ ਦੇਸ਼ ਦੀ ਜਨਤਾ ਨੂੰ ਸੂਝਵਾਨ ਬਣਾਉਣ ਦੇ ਪੂਰੀ ਤਰਾਂ੍ਹ ਸਮਰੱਥ ਹੈ ਉਥੇ ਲੜਾਈ ਝਗੜੇ ਕਤਲੋਗਾਰਤ ਲੁੱਟਾਂ ਖੋਹਾਂ ਬਲਾਤਕਾਰ ਕਰਨ ਵਾਲੇ ਕ੍ਰਾਇਮ ਪੇਸਾ ਲੋਕ ਸਿੱਧੇ ਰਾਹ ਪੈ ਜਾਣਗੇ।ਦੇਸ਼ ਅੰਦਰ ਔਰਤ ਦਾ ਸਤਿਕਾਰ ਵਧੇਗਾ ਅਤੇ ਔਰਤਾਂ ਉੱਪਰ ਮਰਦਾਂ ਵਲੋਂ ਕੀਤੇ ਜਾਂਦੇ ਅੱਤਿਆਚਾਰਾਂ ਨੂੰ ਰੋਕ ਲੱਗੇਗੀ ਕਿਉਂਕਿ ਗੁਰੁ ਗ੍ਰੰਥ ਸਾਹਿਬ ਸਭ ਲਈ ਬਰਾਬਰਤਾ ਦਾ ਸਿਧਾਂਤ ਪੇਸ਼ ਕਰਦਾ ਹੈ। ਇੱਥੇ ਇਸ ਗੱਲ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਪਰਮਾਤਮਾ ਦੇ ਪੈਦਾ ਕੀਤੇ ਸਭ ਪ੍ਰਾਣੀ ਇੱਕ ਸਮਾਨ ਹਨ ਅਤੇ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ।ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਪਸ਼ੂਆਂ,ਪੰਛੀਆਂ ਅਤੇ ਬੇਜੁਬਾਨਾਂ ਤੇ ਅੱਤਿਆਚਾਰ ਦੀ ਪੈਰਵੀ ਕੀਤੀ ਗਈ ਹੈ ਅਤੇ ਸ਼ਾਕਾਹਾਰੀ ਬਣੇ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ ਹੈ। ਗੁਰੁ ਗ੍ਰੰਥ ਸਾਹਿਬ ਅੰਦਰ ਇਸ ਸਚਾਈ ਦਾ ਵੀ ਵਰਨਣ ਹੈ ਕਿ ਦੁਨੀਆਂ ਤੇ ਪੈਦਾ ਹੋਣ ਵਾਲਾ ਹਰ ਪ੍ਰਾਣੀ ਇੱਕੋ ਜਿਹੇ ਹੱਡ ਮਾਸ ਅਤੇ ਖੂਨ ਦਾ ਬਣਿਆਂ ਹੋਇਆ ਹੈ।ਗੰ੍ਰਥ ਸਾਹਿਬ ਅੰਦਰ ਸੱਚ ਬੋਲਣ ਉੱਪਰ ਸਭ ਤੋਂ ਵੱਧ ਜੋਰ ਦਿੱਤਾ ਗਿਆ ਹੈ ਅਤੇ ਇਸ ਤੋਂ ਬਾਅਦ ਪ੍ਰਮਾਤਮਾ ਦਾ ਨਾਮ ਜਪਣ, ਦਸਾਂ ਨਹੂੰਆਂ ਦੀ ਕਿਰਤ ਕਿਰਤ ਕਮਾਈ ਕਰ ਕੇ ਵੰਡ ਕੇ ਛਕਣ ਦਾ ਸਿਧਾਂਤ ਵੀ ਪੇਸ਼ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਜਾਤ-ਪਾਤ, ਊਚ-ਨੀਚ ਅਤੇ ਮਰਦ ਔਰਤ ਦਰਮਿਆਨ ਵਿਤਕਰਾ ਕੀਤੇ ਜਾਣ ਦੀ ਸਖਤ ਮਨਾਹੀ ਕੀਤੀ ਗਈ ਹੈ ਜਿਸ ਤੋਂ ਸੇਧ ਲੈ ਕੇ ਦੇਸ਼ ਅੰਦਰ ਸਾਰਿਆਂ ਲਈ ਸਰਬ ਸਾਂਝਾ ਸੰਵਿਧਾਨ ਬਹੁਤ ਸਹਿਜੇ ਹੀ ਤਿਆਰ ਅਤੇ ਲਾਗੂ ਕੀਤਾ ਜਾ ਸਕਦਾ ਹੈ ਜਿਹੜਾ ਸਿਰਫ ਅਤੇ ਸਿਰਫ ਮਨੁੱਖਤਾ ਦੀ ਭਲਾਈ ਲਈ ਹੀ ਵਚਨਬੱਧ ਹੋਵੇਗਾ।