ਲੁਧਿਆਣਾ: ਅੱਠ ਦਿਨ ਪਹਿਲਾਂ ਲਾਡੋਵਾਲ ਤੋਂ ਸਾਊਥ ਸਿਟੀ ਨੂੰ ਜਾਂਦੇ ਰਸਤੇ ‘ਤੇ ਚਾਦਰ ‘ਚ ਲਪੇਟੀ ਇਕ ਔਰਤ ਦੀ ਨਗਨ ਲਾਸ਼ ਮਿਲੀ ਸੀ। ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ। ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਪੁਲਿਸ ਨੇ ਕਰੀਬ ਦੋ ਦਿਨ ਪਹਿਲਾਂ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਸੀ। ਪੋਸਟਮਾਰਟਮ ‘ਚ ਕਈ ਹੈਰਾਨ ਕਰਨ ਵਾਲੇ ਪ੍ਰਗਟਾਵੇ ਹੋਏ। ਸੂਤਰਾਂ ਮੁਤਾਬਕ ਔਰਤ ਦਾ ਕਤਲ ਕਿਸੇ ਹੋਰ ਥਾਂ ‘ਤੇ ਕੀਤਾ ਗਿਆ ਸੀ। ਉਸ ਦੇ ਸਰੀਰ ਨੂੰ ਚਾਦਰ ਵਿਚ ਲਪੇਟ ਲਿਆ ਅਤੇ ਪੁਲ ਤੋਂ ਹੇਠਾਂ ਸੁੱਟ ਦਿਤਾ। ਪੋਸਟਮਾਰਟਮ ਦੀ ਰੀਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਲਾਸ਼ ਲਗਭਗ 10 ਤੋਂ 15 ਦਿਨ ਪੁਰਾਣੀ ਸੀ। ਔਰਤ ਨੂੰ ਮਾਰਨ ਤੋਂ ਪਹਿਲਾਂ ਉਸ ਦਾ ਗਰਭਪਾਤ ਵੀ ਹੋ ਚੁੱਕਾ ਸੀ। ਮ੍ਰਿਤਕ ਔਰਤ ਦੇ ਸਿਰ ‘ਤੇ ਅੰਦਰੂਨੀ ਸੱਟਾਂ ਸਨ। ਉਸ ਦੇ ਸਿਰ ‘ਚ ਖੂਨ ਵਗਣ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਕਾਰਨ ਉਸ ਦੇ ਚਿਹਰੇ ਦੀ ਚਮੜੀ ਸੜ ਗਈ ਹੈ। ਪੋਸਟਮਾਰਟਮ ਦੀ ਰੀਪੋਰਟ ਅਧਿਕਾਰਤ ਤੌਰ ‘ਤੇ ਅੱਜ ਲਾਡੋਵਾਲ ਥਾਣੇ ਪਹੁੰਚੇਗੀ। ਫਿਲਹਾਲ ਇਸ ਮਾਮਲੇ ‘ਚ ਪੁਲਿਸ ਦੇ ਹੱਥ ਖਾਲੀ ਹਨ ਪਰ ਪਿਛਲੇ 8 ਦਿਨਾਂ ਤੋਂ ਪੁਲਿਸ ਕਾਤਲ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਮ੍ਰਿਤਕ ਔਰਤ ਦੀ ਉਮਰ ਕਰੀਬ 25 ਸਾਲ ਹੈ। ਜੋ ਕਾਤਲ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਔਰਤ ਵਿਆਹੀ ਸੀ ਜਾਂ ਕੁਆਰੀ। ਉਸ ਦਾ ਗਰਭਪਾਤ ਕਿਨਾਂ ਕਾਰਨਾਂ ਕਰਕੇ ਹੋਇਆ, ਇਹ ਵੀ ਜਾਂਚ ਦਾ ਵਿਸ਼ਾ ਹੈ।