ਅਮਰਗੜ੍ਹ, ਕਰੀਬ ਛੇ ਮਹੀਨੇ ਪਹਿਲਾਂ ਆਪਣੇ ਸੁਪਨੇ ਪੂਰੇ ਕਰਨ ਦੇ ਮਕਸਦ ਨਾਲ ਉੱਚ ਵਿੱਦਿਆ ਹਾਸਲ ਲਈ ਕੈਨੇਡਾ ਗਈ ਅਮਰਗੜ੍ਹ ਦੀ 20 ਸਾਲਾਂ ਵਿਦਿਆਰਥਣ ਪ੍ਰਨੀਤ ਕੌਰ ਦੀ ਲੰਘੇ 26 ਨਵੰਬਰ ਨੂੰ ਮੌਤ ਹੋ ਗਈ ਸੀ,ਜਿਸ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਪਹੁੰਚਣ ‘ਤੇ ਅੰਤਮ ਸਸਕਾਰ ਕੀਤਾ ਗਿਆ।
ਮ੍ਰਿਤਕ ਵਿਦਿਆਰਥਣ ਦੇ ਚਾਚਾ ਗੁਰਵੀਰ ਸਿੰਘ ਸੋਹੀ ਨੇ ਦੱਸਿਆ ਕਿ ਉਸ ਦੇ ਸੁਪਨੇ ਬਹੁਤ ਵੱਡੇ ਸਨ,ਜੋ ਕਲਹਿਣੀ ਮੌਤ ਨੇ ਚੂਰ-ਚੂਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਮੌਤ ਤੋਂ 36 ਘੰਟੇ ਪਹਿਲਾਂ ਉਸ ਦੀ ਪਰਿਵਾਰ ਨਾਲ ਗੱਲ ਹੋਈ ਸੀ,ਕਿ ਉਸ ਨੂੰ ਠੰਡ ਕਾਰਨ ਉਲਟੀਆਂ ਲੱਗ ਗਈਆਂ ਸਨ ਜੋ ਹੁਣ ਠੀਕ ਹਨ,ਪਰ ਕੁਝ ਘੰਟਿਆਂ ਬਾਅਦ ਹੀ ਉਸ ਦੀ ਮੌਤ ਦੀ ਖਬਰ ਮਿਲ ਗਈ ਜਿਸ ਨੇ ਪੂਰੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ। ਕੈਲਗਰੀ ‘ਚ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਕਲੇਰ ਬਿਲਡਰਜ਼ ਦੇ ਮਾਲਕ ਅਵਤਾਰ ਸਿੰਘ ਕਲੇਰ ਦੇ ਯਤਨਾਂ ਸਦਕਾ ਵਿਦਿਆਰਥਣ ਪ੍ਰਨੀਤ ਕੌਰ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਹੈ। ਅੰਤਿਮ ਸਸਕਾਰ ਮੌਕੇ ਇਲਾਕੇ ਦੀਆਂ ਰਾਜਨੀਤਿਕ,ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤਾਂ ਸਮੇਤ ਅਨੇਕਾਂ ਸੇਜ਼ਲ ਅੱਖਾਂ ਨੇ ਬੇਟੀ ਪ੍ਰਨੀਤ ਕੌਰ ਨੂੰ ਆਖਰੀ ਅਲਵਿਦਾ ਆਖਦਿਆਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।