ਨਵੀਂ ਦਿੱਲੀ : ਕੈਨੇਡਾ ਵਿਚ ਘਰ ਖ਼ਰੀਦਣ ਦਾ ਸੁਪਨਾ ਦੇਖ ਰਹੇ ਵਿਦੇਸ਼ੀਆਂ ਨੂੰ ਝਟਕਾ ਲੱਗਾ ਹੈ। ਟਰੂਡੋ ਸਰਕਾਰ ਦੇ ਨਵੇਂ ਐਲਾਨ ਨੇ ਇਨ੍ਹਾਂ ਵਿਦੇਸ਼ੀਆਂ ਦੇ ਸੁਪਨੇ ‘ਤੇ ਪਾਣੀ ਫੇਰ ਦਿੱਤਾ ਹੈ। ਕੈਨੇਡਾ ਨੇ ਐਤਵਾਰ ਨੂੰ ਕੈਨੇਡੀਅਨ ਹਾਊਸਿੰਗ ਦੀ ਵਿਦੇਸ਼ੀ ਮਾਲਕੀ ‘ਤੇ ਪਾਬੰਦੀ ਨੂੰ ਦੋ ਸਾਲ ਲਈ ਵਧਾ ਦਿਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਕੈਨੇਡੀਅਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ। ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਇਥੋਂ ਦੇ ਨਾਗਰਿਕ ਮਕਾਨ ਬਣਾਉਣ ਦੇ ਸਮਰਥ ਨਹੀਂ ਹਨ। ਕੈਨੇਡਾ ਵਿਚ ਰਿਹਾਇਸ਼ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਵਧਦੀ ਗਿਣਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।ਇਸ ਕਾਰਨ ਮਕਾਨਾਂ ਦੀ ਮੰਗ ਵਧ ਗਈ ਹੈ, ਜਦੋਂ ਕਿ ਮਹਿੰਗਾਈ ਵਧਣ ਕਾਰਨ ਉਸਾਰੀ ਦਾ ਕੰਮ ਹੌਲੀ ਹੋ ਗਿਆ ਹੈ। ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਕ ਬਿਆਨ ਵਿਚ ਕਿਹਾ ਕਿ ਕੈਨੇਡੀਅਨਾਂ ਲਈ ਕਿਫ਼ਾਇਤੀ ਰਿਹਾਇਸ਼ ਮੁਹਈਆ ਕਰਵਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਵਿਦੇਸ਼ੀਆਂ ‘ਤੇ ਘਰ ਖ਼ਰੀਦਣ ‘ਤੇ ਪਾਬੰਦੀ ਦੋ ਸਾਲ ਲਈ ਵਧਾ ਦਿਤੀ ਗਈ ਹੈ। ਪਹਿਲਾਂ ਇਹ 1 ਜਨਵਰੀ, 2025 ਨੂੰ ਖ਼ਤਮ ਹੋ ਰਿਹਾ ਸੀ, ਹੁਣ ਇਸ ਦੀ ਆਖ਼ਰੀ ਮਿਤੀ 1 ਜਨਵਰੀ, 2027 ਹੋਵੇਗੀ।ਜ਼ਿਕਰਯੋਗ ਹੈ ਕਿ ਟਰੂਡੋ ਸਰਕਾਰ ਨੇ ਸਾਲ 2023 ‘ਚ ਹੀ ਵਿਦੇਸ਼ੀਆਂ ‘ਤੇ ਦੇਸ਼ ‘ਚ ਜਾਇਦਾਦ ਖ਼ਰੀਦਣ ‘ਤੇ ਪਾਬੰਦੀ ਲਗਾ ਦਿਤੀ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਕੈਨੇਡਾ ਵਿਚ ਵਿਦੇਸ਼ੀਆਂ ਵਲੋਂ ਲਗਾਤਾਰ ਨਿਵੇਸ਼ ਦੇ ਕੀਤੇ ਜਾਣ ਕਾਰਨ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਇਸ ਕਾਰਨ ਕੈਨੇਡੀਅਨ ਪ੍ਰਾਪਰਟੀ ਨਹੀਂ ਖ਼ਰੀਦ ਸਕੇ ਹਨ।