ਜਲੰਧਰ, (ਇੰਟਰਨੈਸ਼ਨਲ ਡੈਸਕ)-ਭਾਰਤ ਅਤੇ ਕੈਨੇਡਾ ਵਿਚਾਲੇ ਨਿੱਝਰ ਹੱਤਿਆਕਾਂਡ ਨੂੰ ਲੈ ਕੇ ਚਲ ਰਿਹਾ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਨਿੱਝਰ ਮਾਮਲੇ ਦਾ ਸੇਕ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਇਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। ਕੈਨੇਡਾ ਨੇ ਹੁਣ ਭਾਰਤ ‘ਤੇ ਦੇਸ਼ ਦੀਆਂ ਚੋਣਾਂ ‘ਚ ਦਖਲਅੰਦਾਜ਼ੀ ਦਾ ਦੋਸ਼ ਲਾਉਂਦਿਆਂ ਜ਼ਹਿਰ ਉਗਲਿਆ ਹੈ।ਹਾਲ ਹੀ ਵਿਚ ਕੈਨੇਡੀਅਨ ਫੈਡਰਲ ਚੋਣਾਂ 2019 ਅਤੇ 2021 ਵਿਚ ਵਿਦੇਸ਼ੀ ਦਖਲ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਕੈਨੇਡੀਅਨ ਸਰਕਾਰ ਨੂੰ ਭਾਰਤ ਨਾਲ ਸਬੰਧਤ ਜਾਣਕਾਰੀ ਦੇਣ ਲਈ ਕਿਹਾ ਹੈ। 24 ਜਨਵਰੀ ਨੂੰ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ, ਜਾਂਚ ਕਮਿਸ਼ਨ ਨੇ ਕਿਹਾ ਕਿ ਉਸਨੇ ਕੈਨੇਡਾ ਸਰਕਾਰ ਦੇ ਪੁਰਾਲੇਖ ਵਿਭਾਗ ਨੂੰ 2019 ਅਤੇ 2021 ਦੀਆਂ ਚੋਣਾਂ ਵਿਚ ਭਾਰਤ ਵੱਲੋਂ ਕਥਿਤ ਦਖਲਅੰਦਾਜ਼ੀ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ ਕਮਿਸ਼ਨ ਆਫ਼ ਇਨਕੁਆਰੀ ਨੂੰ ਸਤੰਬਰ 2023 ਵਿਚ ਹੋਈਆਂ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।ਹਾਲਾਂਕਿ ਉਨ੍ਹਾਂ ਨੇ ਉਦੋਂ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਉਹ ਚੀਨ ਅਤੇ ਰੂਸ ਦੀ ਦਖਲਅੰਦਾਜ਼ੀ ਦੀ ਜਾਂਚ ਕਰਨਗੇ ਪਰ ਹੁਣ ਭਾਰਤ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।