ਕਰਨਾਲ : ਹਰਿਆਣਾ ਦੇ ਗੁਰੂਘਰ ਪੰਜੋਖਰਾ ਸਾਹਿਬ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਿੱਖ ਸੰਗਤ ਦੇ ਮਨਾਂ ਵਿਚ ਰੋਸ ਹੈ। ਦਰਅਸਲ, ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਤੇ ਹੋਰ ਅਧਿਕਾਰੀਆਂ ਨੂੰ ਹਰਿਆਣਾ ਦੇ ਗੁਰਦੁਆਰਾ ਸਾਹਿਬ ‘ਚ ਠਹਿਰਾਇਆ ਗਿਆ ਸੀ। ਜਿਥੇ ਉਹ ਕੁੱਝ ਨਸ਼ੀਲੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਸਨ ਤੇ ਨਾਲ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। ਜਦੋਂ ਸੰਗਤ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗੁਰਦੁਆਰਾ ਪੰਜੋਖੜਾ ਸਾਹਿਬ ਜਾ ਕੇ ਤਲਾਸ਼ੀ ਲਈ ਤਾਂ ਮੋਕੇ ਤੋਂ ਇਤਰਾਜ਼ਯੋਗ ਵਸਤੂਆਂ ਬਰਾਮਦ ਰੋਈਆਂ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੋਂ ਭੱਜਦੇ ਨਜ਼ਰ ਆਏ। ਇਸ ਮੌਕੇ ਸੰਗਤ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਲਜ਼ਾਮ ਲਗਾਏ ਹਨ ਕਿ ਭਾਜਪਾ ਸਰਕਾਰ ਦੇ ਕਹਿਣ ‘ਤੇ ਹਰਿਆਣਾ ਕਮੇਟੀ ਵਲੋਂ ਇਹ ਸੱਭ ਕੀਤਾ ਜਾ ਰਿਹਾ ਤੇ ਮਰਿਆਦਾ ਦੀਆਂ ਧੱਜੀਆਂ ਉਛਾਈਆਂ ਜਾ ਰਹੀਆਂ ਹਨ। ਇਸ ਸਬੰਧੀ ਤੇਜਵੀਰ ਸਿੰਘ ਕਿਸਾਨ ਆਗੂ ਬੀ.ਕੇ.ਯੂ. ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਦਸਿਆ ਕਿ ਇਹ ਗੁਰੂ ਘਰ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੇਠ ਆਉਂਦਾ ਹੈ। ਜਿਥੇ ਉਨ੍ਹਾਂ ਵਲੋਂ ਪਿਛਲੇ 3-4 ਦਿਨਾਂ ਤੋਂ ਪੁਲਿਸ ਵਾਲਿਆਂ ਦੀ ਕਾਫ਼ੀ ਸੇਵਾ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਦਾਰੂ, ਸਿਗਰਟ ਬੀੜੀ ਆਦਿ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਜਦੋਂ ਉਹ ਫੜੇ ਗਏ ਤਾਂ ਉਨ੍ਹਾਂ ਨੂੰ ਬਚਾ ਕੇ ਬਾਹਰ ਭੇਜ ਦਿੱਤਾ ਗਿਆ। ਤੇਜਵੀਰ ਸਿੰਘ ਨੇ ਇਸ ਘਟਨਾ ਲਈ ਸਿੱਧੇ ਤੌਰ ‘ਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਦੱਸਿਆ ਹੈ ਤੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ ‘ਤੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਇਸ ਬੇਅਦਬੀ ਲਈ ਇਨ੍ਹਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।