ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਜਿਲ੍ਹਾ ਤਰਨ ਤਰਨ ਅਧੀਨ ਆਉਂਦੇ ਕਸਬਾ ਡਲ ਤੋਂ ਸਾਹਮਣੇ ਆਇਆ ਹੈ। ਜਿੱਥੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਦੋ ਘਰਾਂ ਨੂੰ ਗੁੰਡੇ ਅੰਸਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਕੇ ਘਰ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਅਤੇ ਘਰ ਵਿੱਚ ਪਈ 60 ਹਜਾਰ ਦੇ ਕਰੀਬ ਨਗਦੀ ਅਤੇ ਸੋਨਾ ਲੈ ਕੇ ਰਫੂ ਚੱਕਰ ਹੋ ਗਏ। ਉੱਥੇ ਹੀ ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਪਰਿਵਾਰ ਦੇ ਵਿਅਕਤੀ ਭਗਵਾਨ ਸਿੰਘ ਪੁੱਤਰ ਦਾਰਾ ਸਿੰਘ ਮਲਕੀਤ ਕੌਰ ਪਤਨੀ ਭਗਵਾਨ ਸਿੰਘ ਗੁਰਲਾਲ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕੀ ਬੀਤੀ ਕੱਲ 27 ਦਸੰਬਰ ਵਕਤ ਕਰੀਬ 4 ਵਜੇ ਜਦੋਂ ਉਕਤ ਹਮਲਾਵਰ ਵਿਅਕਤੀਆਂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤਾਂ ਉਹ ਦਰਖਾਸਤ ਦੇਣ ਲਈ ਥਾਣਾ ਖਾਲੜਾ ਵਿਖੇ ਪਹੁੰਚੇ ਤਾਂ ਜਦੋ ਉਹ ਥਾਣੇ ਵਿੱਚ ਗਏ ਤਾ ਹਮਲਾਵਰ ਸਮੇਤ ਕਰੀਬ 70-75 ਅਣਪਛਾਤੇ ਨਾਲ ਲੈ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਘਰ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਘਰ ਵਿੱਚ ਉਸ ਵਕਤ ਜਨਾਨੀਆਂ ਮੌਜੂਦ ਸਨ ਜਿਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਹਨਾਂ ਦੱਸਿਆ ਕਿ ਘਰ ਵਿੱਚ ਉਹਨਾਂ ਦੀ ਨੂੰਹ ਸੁਮਨਪ੍ਰੀਤ ਕੌਰ ਜੋ ਕਿ ਗਰਭਵਤੀ ਹੈ ਉਸਦੀ ਵੀ ਕੁੱਟਮਾਰ ਕੀਤੀ ਜੋ ਇਸ ਵਕਤ ਸੁਰ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਹਨਾਂ ਇਹ ਵੀ ਦੱਸਿਆ ਕਿ ਘਰ ਵਿੱਚ ਪਿਆ ਉਹਨਾਂ ਦਾ ਸੋਨਾ ਅਤੇ ਨਗਦੀ ਵੀ ਉਕਤ ਵਿਅਕਤੀ ਚੋਰੀ ਕਰਕੇ ਆਪਣੇ ਨਾਲ ਲੈ ਗਏ ਹਨ ਅਤੇ ਜਾਂਦੇ ਜਾਂਦੇ ਘਰ ਦਾ ਸਾਰਾ ਸਮਾਨ ਭੰਨ ਤੋੜ ਕੇ ਫਰਾਰ ਹੋ ਗਏ ਹਨ। ਗੁਰਲਾਲ ਸਿੰਘ ਨੇ ਦੱਸਿਆ ਕਿ ਉਕਤ ਹਮਲਾਵਰਾਂ ਵੱਲੋਂ ਕੁਝ ਦਿਨਾਂ ਤੋਂ ਉਨਾਂ ਦੇ ਵਿਦੇਸ਼ ਰਹਿੰਦੇ ਲੜਕੇ ਉਪਰ ਉਹਨਾਂ ਦੇ ਹੀ ਪਰਿਵਾਰ ਦੀ ਇੱਕ ਲੜਕੀ ਨੂੰ ਫੋਨ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਜਿਸ ਸਬੰਧੀ ਉਹ ਦਰਖਾਸਤ ਦੇਣ ਲਈ ਥਾਣਾ ਖਾਲੜਾ ਵਿਖੇ ਪਹੁੰਚੇ ਸਨ ਤਾਂ ਉਨਾਂ ਦੇ ਮਗਰੋਂ ਉਕਤ ਹਮਲਾਵਰ ਉਹਨਾਂ ਦੇ ਘਰੇ ਦਾਖਲ ਹੋਏ ਅਤੇ ਘਰ ਦਾ ਸਾਰਾ ਸਮਾਨ ਅਤੇ ਸੋਨਾ ਸਮੇਤ ਨਗਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਮੌਕੇ ਪੀੜਿਤ ਪਰਿਵਾਰ ਨੇ ਜਿਲਾ ਤਰਨ ਤਾਰਨ ਦੇ ਐਸਐਸਪੀ ਪਾਸੋਂ ਉਹਨਾਂ ਨਾਲ ਹੋ ਰਹੀ ਬੇਇਨਸਾਫੀ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਇਸ ਮਾਮਲੇ ਸਬੰਧੀ ਸਭ ਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਧਿਰ ਦੋਸ਼ੀ ਪਾਈ ਗਈ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਕਰ ਯੋਗ ਹੈ ਕਿ ਉਕਤ ਹਮਲਾਵਰਾਂ ਵੱਲੋਂ ਜਦੋਂ ਡਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਸੀ ਤਾਂ ਜਦੋਂ ਹਮਲਾਵਰ ਗੱਡੀਆਂ ਅਤੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਉਂਦੇ ਹਨ ਤਾਂ ਉਨਾਂ ਦੀ ਇੱਕ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ।