ਚੰਡੀਗੜ੍ਹ : ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿਚ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤਾ ਹੈ। ਪੁਲਿਸ ਇੰਟੈਲੀਜੈਂਸ ਦਾ ਮੰਨਣਾ ਹੈ ਕਿ ਮੁਲਜ਼ਮ ਰਾਜਜੀਤ ਸਿੰਘ ਵਿਦੇਸ਼ ਭੱਜ ਗਿਆ ਹੈ ਜਾਂ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ‘ਚ ਹੁਣ ਪੰਜਾਬ ਪੁਲਿਸ ਐਨ.ਆਈ.ਏ. ਦੀ ਮਦਦ ਨਾਲ ਇਸ ਦਾ ਪਤਾ ਲਗਾਏਗੀ। ਪੁਲਿਸ ਨੇ ਰਾਜਜੀਤ ਸਿੰਘ ਦਾ ਲੁਕਆਊਟ ਨੋਟਿਸ ਜਾਰੀ ਕਰ ਕੇ ਸਾਰੀਆਂ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਕੌਮੀ ਮਾਰਗਾਂ ‘ਤੇ ਉਸ ਦੀ ਜਾਣਕਾਰੀ ਸਾਂਝੀ ਕੀਤੀ ਹੈ, ਤਾਂ ਜੋ ਜੇਕਰ ਮੁਲਜ਼ਮ ਅਜੇ ਤਕ ਦੇਸ਼ ਛੱਡ ਕੇ ਨਹੀਂ ਗਿਆ ਤਾਂ ਉਸ ਨੂੰ ਕਾਬੂ ਕੀਤਾ ਜਾ ਸਕੇ। ਦੂਜੇ ਪਾਸੇ ਸਪੈਸ਼ਲ ਟਾਸਕ ਫਰਸ ਨੇ ਵੱਡੀ ਕਾਰਵਾਈ ਕੀਤੀ ਹੈ। ਐਸਟੀਐਫ ਨੇ ਮੁਲਜ਼ਮ ਏਆਈਜੀ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਪੰਜਾਬ ਐਸਟੀਐਫ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਲਈ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ‘ਤੇ ਕੇਂਦਰੀ ਵਿੱਤ ਮੰਤਰਾਲੇ ਦੀ ਕਮੇਟੀ ਨੇ ਮਲਜ਼ਮ ਏਆਈਜੀ ਰਾਜਜੀਤ ਸਿੰਘ ਹੁੰਦਲ, ਉਨ੍ਹਾਂ ਦੀ ਪਤਨੀ ਅਤੇ ਧੀ ਨੂੰ 9 ਫਰਵਰੀ ਤਕ ਦਿੱਲੀ ਵਿਚ ਅਥਾਰਟੀ ਅੱਗੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿਤੇ ਹਨ।ਜੇਕਰ ਸਬੰਧਤ ਧਿਰ ਵਲੋਂ ਜਵਾਬ ਦਾਖ਼ਲ ਨਾ ਕੀਤਾ ਗਿਆ ਤਾਂ ਭਰੀੜੇ ਏਆਈਜੀ ਰਾਜਜੀਤ ਸਿੰਘ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਐਸਟੀਐਫ ਅਧਿਕਾਰੀਆਂ ਮੁਤਾਬਕ ਪੰਜਾਬ ਭਰ ਵਿਚ ਫ਼ਰਾਰ ਏਆਈਜੀ ਦੀਆਂ 9 ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ। ਐਸਟੀਐਫ ਅਨੁਸਾਰ ਏਆਈਜੀ ਨੇ ਸਾਲ 2013 ਵਿਚ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਵਿਚ 7 ਕਨਾਲ 40 ਮਰਲੇ ਜ਼ਮੀਨ 40 ਲੱਖ ਰੁਪਏ ਵਿਚ ਖਰੀਦੀ ਸੀ।