ਮਾਲੇਰਕੋਟਲਾ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਨਕਲੀ ਦੁੱਧ, ਪਨੀਰ ,ਘਿਓ, ਮਠਿਆਈਆਂ ਸਣੇ ਮਿਆਦ ਪੁੱਗੇ ਪੀਣ ਵਾਲੇ ਬੋਤਲ ਬੰਦ ਅਤੇ ਖਾਣ ਵਾਲੇ ਲਿਫ਼ਾਫ਼ਾ ਤੇ ਡੱਬਾ ਬੰਦ ਗ਼ੈਰ-ਮਿਆਰੀ ਪਦਾਰਥਾਂ ਦੀ ਵਿਕਰੀ ਜ਼ੋਰਾਂ ‘ਤੇ ਹੈ।ਉਂਜ,ਫੂਡ ਐਂਡ ਡਰੱਗਜ਼ ਵਾ ਐਡਮਨਿਸਟਰੇਸ਼ਨ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਕਰਕੇ ਪੀਣ ਅਤੇ ਖਾਣ ਵਾਲੇ ਪਦਾਰਥਾਂ ਦੇ ਨਮੂਨੇ ਭਰਦੇ ਰਹਿੰਦੇ ਹਨ ਜਦ ਕਿ ਸ਼ਹਿਰ ਵਿੱਚ ਅਜਿਹੇ ਗ਼ੈਰ ਮਿਆਰੀ ਪਦਾਰਥਾਂ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਵਿਭਾਗ ਸ਼ਹਿਰ ਅੰਦਰ ਇੱਕ ਅਜਿਹੇ ਖੇਤਰ ਤੋਂ ਵੀ ਬੇ-ਖ਼ਬਰ ਜਾਪਦਾ ਹੈ ਜਿੱਥੇ ਮਿਆਦ ਪੁੱਗ ਚੁੱਕਿਆ ਦਾਲ-ਭੁਜੀਆ, ਕੁਰਕੁਰੇ, ਲੇਜ,ਬਿਸਕੁਟ ਅਤੇ ਹੋਰ ਖਾਧ ਉਤਪਾਦਾਂ ਨੂੰ ਨਵੀਂ ਮਿਆਦ ਪੁੱਗਣ ਦੀ ਤਰੀਕਾਂ ਨਾਲ ਦੁਬਾਰਾ ਲਿਫ਼ਾਫ਼ਿਆਂ, ਰੈਪਰਾਂ ਅਤੇ ਡੱਬਿਆਂ ਵਿੱਚ ਪੈਕ ਕਰਕੇ ਵੇਚਿਆ ਜਾ ਰਿਹਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ.ਪੁਨੀਤ ਸਿੱਧੂ ਦਾ ਕਹਿਣਾ ਹੈ ਕਿ ਇਹ ਮਾਮਲੇ ਕਮਿਸ਼ਨਰ ਫੂਡ ਅਤੇ ਸਹਾਇਕ ਕਮਿਸ਼ਨਰ ਫੂਡ ਦੇਖਦਾ ਹੈ। ਕਮਿਸ਼ਨਰ ਫੂਡ ਦਿਿਵਆਜੋਤ ਕੌਰ ਨੇ ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਨਾਲ ਗੱਲ ਕਰਨ ਲਈ ਕਿਹਾ। ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ ਨੇ ਕਿਹਾ ਕਿ ਉਹ ਸਮੇਂ- ਸਮੇਂ ਸਿਰ ਖਾਧ ਪਦਾਰਥਾਂ ਦੇ ਨਮੂਨੇ ਭਰਦੇ ਰਹਿੰਦੇ ਹਨ ਤੇ ਇਨ੍ਹਾਂ ਪਦਾਰਥਾਂ ਦੇ ਵਿਕਰੇਤਾਵਾਂ ਨੂੰ ਮਿਆਰੀ ਤੇ ਸ਼ੁੱਧ ਖਾਧ ਪਦਾਰਥ ਵੇਚਣ ਦੀ ਹਦਾਇਤ ਵੀ ਕਰਦੇ ਰਹਿੰਦੇ ਹਨ। ਇਸ ਮਾਮਲੇ ਸਬੰਧੀ ਵੀ ਚੈਕਿੰਗ ਕਰਕੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।