ਮਾਲੇਰਕੋਟਲਾ,7 ਜਨਵਰੀ (ਬਲਵਿੰਦਰ ਸਿੰਘ ਭੁੱਲਰ)-ਸਾਲ 2015 ਦੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ ਸਾਲ ਤਕਰੀਬਨ 309,000 ਬੱਚੇ ਜਨਮ ਲੈਣ ਸਮੇਂ ਅਤੇ 56000 ਔਰਤਾਂ ਜਣੇਪੇ ਦੌਰਾਨ ਸਵਰਗ ਸਿਧਾਰ ਜਾਂਦੀਆਂ ਹਨ। ਇਸ ਦਾ ਅਰਥ ਹੈ ਕਿ ਨਵ ਜਨਮਿਆ ਬੱਚਾ ਹਰ ਇੱਕ ਮਿੰਟ ਬਾਅਦ ਅਤੇ ਜਨਮ ਦੇਣ ਵਾਲੀ ਔਰਤ ਹਰ 20 ਵੇਂ ਮਿੰਟ ਬਾਅਦ ਮਰ ਰਹੀ ਹੈ। ਇਹ ਮੌਤਾਂ ਅਕਸਰ ਉਨ੍ਹਾਂ ਦੇਸ਼ਾਂ ਵਿੱਚ ਵਧੇਰੇ ਹੁੰਦੀਆਂ ਹਨ ਜਿਹੜੇ ਵਿਕਸਤ ਨਹੀ ਬਲਕਿ ਵਿਕਾਸ ਅਧੀਨ ਹਨ ਕਿਉਂਕਿ ਘਰਾਂ, ਪ੍ਰਵਾਰਾਂ ਅਤੇ ਦੇਸ਼ਾਂ ਦੇ ਬਿਹਤਰ ਸਮਾਜਿਕ ਤੇ ਆਰਥਿਕ ਹਾਲਾਤ ਜੱਚਾ ਅਤੇ ਬੱਚਾ ਦੋਵਾਂ ਲਈ ਹੀ ਬਹੁਤ ਕਾਰਗਰ, ਸਿਹਤਮੰਦ ਅਤੇ ਸੁਖਾਵੇਂ ਹੁੰਦੇ ਹਨ। ਦੱਖਣੀ ਏਸ਼ੀਆ ਦੇ ਦੇਸ਼ ਭਾਰਤ, ਪਾਕਿਸਤਾਨ, ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀ ਲੰਕਾ ਦੇ ਜੱਚਾ ਬੱਚਾ ਵਿੱਚ ਸਰੀਰਕ ਕਮਜ਼ੋਰੀ, ਖੂੁਨ ਦੀ ਕਮੀ, ਚੰਗੀ ਖੁਰਾਕ ਦੀ ਕਮੀ, ਲੋੜ ਨਾਲੋਂ ਘੱਟ ਵਜਨ ਅਤੇ ਜਨਮ ਦੇਣ ਵਾਲੀ ਮਾਂ ਦੀ ਛੋਟੀ ਉਮਰ ਵੀ ਮੌਤ ਦਰ ਵਿੱਚ ਵਾਧੇ ਦਾ ਕਾਰਨ ਬਣਦੀ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਅੰਦਰ ਔਸਤ ਗਰੀਬੀ ਦਰ ਵਧੇਰੇ ਹੋਣ ਕਰਕੇ ਹਰ ਸਾਲ ਤਕਰੀਬਨ 420,000 ਨਵ-ਜਨਮੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਨ੍ਹਾਂ ਵਿੱਚੋਂ ਜਨਮ ਲੈਣ ਵੇਲੇ ਬਹੁਗਿਣਤੀ ਬੱਚਿਆਂ ਦਾ ਔਸਤ ਵਜਨ ਵੀ ਢਾਈ ਕਿਲੋ ਤੋਂ ਵੀ ਘੱਟ ਹੁੰਦਾ ਹੈ। ਦੁਨੀਆਂ ਦੇ ਘੱਟ ਵਿਕਸਤ ਮੁਲਕਾਂ ਅੰਦਰ ਨਵ-ਜਨਮੇ ਬੱਚਿਆਂ ਦੀ ਜਨਮ ਵੇਲੇ ਮੌਤ ਦੀ ਔਸਤ ਦਰ ਸਮੁੱਚੇ ਸੰਸਾਰ ਵਿੱਚੋਂ ਲਗਭਗ 98 ਫੀ ਸਦੀ ਬਣਦੀ ਹੈ ਜਦ ਕਿ ਦੱਖਣੀ ਏਸ਼ੀਆ ਦੇ ਦੇਸ਼ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ ਅਤੇ ਨੇਪਾਲ ਵਿੱਚ ਦੁਨੀਆਂ ਦੀਆਂ ਕੁੱਲ ਮੌਤਾਂ ਵਿੱਚੋਂ ਦਰ 40 ਫੀ ਸਦੀ ਹੈ। ਅੱਜ ਤੋਂ ਪੰਜ ਛੇ ਦਹਾਕੇ ਪਹਿਲਾਂ ਪੰਜਾਬ ਦੇ ਆਮ ਪਿੰਡਾਂ ਵਿੱਚ ਅਕਸਰ ਇੱਕ ‘ਦਾਈ’ ਹੋਇਆ ਕਰਦੀ ਸੀ ਜਿਹੜੀ ਪਿੰਡ ਅੰਦਰ ਜਣੇਪੇ ਵੇਲੇ ਆਪਣੀਆਂ ਸੇਵਾਵਾਂ ਦਿੰਦੀ ਸੀ ਪਰ ਆਧੁਨਿਕ ਸਮਿਆਂ ਵਿੱਚ ਬਹੁਤ ਵੱਡੇ ਵੱਡੇ ਜੱਚਾ ਬੱਚਾ ਹਸਪਤਾਲ ਖੁੱਲਣ ਤੋਂ ਬਾਅਦ ਵੀ ਜਨਮ ਵੇਲੇ ਜੱਚਾ ਬੱਚਾ ਦੀ ਵਧੇਰੇ ਮੌਤ ਦਰ ਡਾਕਟਰਾਂ ਦੀ ਕਾਰਜ ਕੁਸ਼ਲਤਾ ਤੇ ਕਈ ਸਵਾਲ ਖੜੇ੍ਹ ਕਰਦੀ ਹੈ? ਮੁਕਾਬਲੇਬਾਜ਼ੀ ਅਤੇ ਵਿਖਾਵੇ ਦੇ ਇਸ ਦੌਰ ਅੰਦਰ ਚੰਦ ਹਸਪਤਾਲਾਂ ਵਿੱਚ ਘੱਟ ਤਨਖਾਹਾਂ ਤੇ ਭਰਤੀ ਕੀਤੀਆਂ ਗਈਆਂ ਅਨਟਰੇਂਡ ਨਰਸਾਂ ਜੱਚਾ ਬੱਚਾ ਦੇ ਜੀਵਨ ਲਈ ਕਾਰਗਰ ਭੂਮਿਕਾ ਨਿਭਾਉਣ ਤੋਂ ਅਸਮਰਥ ਹਨ। ਬਾਕੀ ਮੌਜੂਦਾ ਸਮਿਆਂ ਅੰਦਰ ਹੁਣ ਹਰ ਤੀਜਾ ਚੌਥਾ ਬੱਚਾ ਵੱਡੇ ਆਪਰੇਸ਼ਨ ਨਾਲ ਹੋ ਰਿਹਾ ਹੈ ਜਿਸ ਦੇ ਚਲਦਿਆਂ ਪਬਲਿਕ ਵਲੋਂ ਇਹ ਸ਼ੰਕਾ ਵੀ ਜਤਾਈ ਜਾ ਰਹੀ ਹੈ ਕਿ ਇਹ ਫੈਸ਼ਨ ਹਸਪਤਾਲਾਂ ਵਲੋਂ ਸਿਰਫ ਆਪਣੀਆਂ ਸੇਵਾਵਾਂ ਦਾ ਵਪਾਰੀਕਰਨ ਮਾਤਰ ਹੈ ਕਿਉਂਕਿ ਵੱਡੇ ਆਪਰੇਸ਼ਨ ਦੌਰਾਨ ਕਈ ਵਾਰ ਅਨਟਰਂੇਡ ਸਟਾਫ ਵਲੋਂ ਕੀਤੀ ਅਣਗਹਿਲੀ ਦੌਰਾਨ ਵੱਧ ਖੂਨ ਵਗਣ ਕਰਕੇ ਵੀ ਕਈ ਔਰਤਾਂ ਮੌਤ ਦੇ ਮੂੰਹ ਪਈਆਂ ਹਨ। ਯੂਨੀਸੈਫ ਮੁਤਾਬਕ ਭਾਰਤ ਵਿੱਚ ਸਾਲ 2000 ਵਿੱਚ ਜਣੇਪੇ ਦੌਰਾਨ ਲਗਭਗ 103,000 ਔਰਤਾਂ ਦੀ ਮੌਤ ਹੋ ਜਾਂਦੀ ਸੀ ਜਿਹੜੀ 2017 ਤੱਕ ਘਟਦੀ ਘਟਦੀ ਲਗਭਗ 35000 ਰਹਿ ਗਈ। ਇਸੇ ਰਿਪੋਰਟ ਮੁਤਾਬਕ ਜਨਮ ਲੈਣ ਸਮੇਂ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ ਲੜਕਿਆਂ ਨਾਲੋਂ ਲੜਕੀਆਂ ਦੀ ਮੌਤ ਦਰ ਵਧੇਰੇ ਹੈ। ਭਾਵੇਂ ਸਾਡੇ ਦੇਸ਼ ਦੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਗਰਭਵਤੀ ਔਰਤਾਂ ਦੀ ਸਹੀ ਦੇਖ ਭਾਲ ਲਈ ਸਰਕਾਰੀ ਪੱਧਰ ਤੇ ਜੱਚਾ ਬੱਚਾ ਦੀ ਸਿਹਤ ਸੰਭਾਲ ਲਈ ਕਈ ਸਰਕਾਰੀ ਪ੍ਰੋਗਰਾਮ ਵੀ ਚਾਲੂ ਕੀਤੇ ਗਏ ਹਨ ਪਰ ਜਣੇਪੇ ਸਮੇਂ ਗਰਭਵਤੀ ਔਰਤਾਂ ਦੀ 15 ਤੋਂ 19 ਸਾਲ ਦੇ ਉਮਰ ਵਰਗ ਵਿੱਚ ਮੌਤ ਦਾ ਖਤਰਾ ਵਧੇਰੇ ਹੁੰਦਾ ਹੈ। ਵੱਡੀ ਉਮਰ ਦੀਆਂ ਔਰਤਾਂ ਵਿੱਚ ਜਣੇਪੇ ਵੇਲੇ ਛੋਟੀ ਉਮਰ ਦੀਆਂ ਔਰਤਾਂ ਨਾਲੋਂ ਮੌਤ ਦੀ ਦਰ ਕਾਫੀ ਘੱਟ ਹੈ। ਸੰਸਾਰ ਅੰਦਰ ਸਾਲ 2018 ਦੌਰਾਨ ਜਨਮ ਲੈਣ ਸਮੇਂ ਬੱਚਿਆਂ ਦੀਆਂ ਕੁੱਲ ਮੌਤਾਂ ਦੀ ਸਲਾਨਾ ਗਿਣਤੀ 721,000 ਸੀ ਜਿਸ ਤੋਂ ਪਤਾ ਚਲਦਾ ਹੈ ਕਿ ਇਸ ਸਾਲ ਦੌਰਾਨ ਹਰ ਰੋਜ਼ 1975 ਨਵ-ਜਨਮੇ ਬੱਚੇ ਮਰਦੇ ਰਹੇ। ਡਬਲਿਊ.ਐਚ.ਉ.ਦੀ ਤਾਜ਼ਾ ਰਿਪੋਰਟ ਮੁਤਾਬਕ ਹੁਣ ਜਣੇਪੇ ਦੌਰਾਨ ਭਾਰਤ ਵਿੱਚ 5 ਔਰਤਾਂ ਹਰ ਘੰਟੇ ਮਰ ਰਹੀਆਂ ਹਨ ਜਿਨ੍ਹਾਂ ਦੀ ਸਲਾਨਾ ਗਿਣਤੀ 45000 ਬਣਦੀ ਹੈ। ਇਸ ਸਚਾਈ ਤੋਂ ਇਹ ਸਿੱਟਾ ਵੀ ਨਿਕਲਦਾ ਹੈ ਕਿ ਭਾਵੇਂ ਅਸੀਂ ਚੰਦਰਮਾ ਅਤੇ ਮੰਗਲ ਮਿਸ਼ਨ ਦੀਆਂ ਗੱਲਾਂ ਕਰਦੇ ਨਹੀਂ ਥਕਦੇ ਪਰ ਦੇਸ਼ ਅੰਦਰ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਬਹੁਤ ਪੁਰਾਣਾ ਤੇ ਜ਼ਰਜਰਾ ਹੋ ਚੁੱਕਾ ਹੈ ਜਿਸ ਨੂੰ ਫੌਰਨ ਬਦਲੇ ਜਾਣ ਦੀ ਲੋੜ ਹੈ।