ਅੰਮ੍ਰਿਤਸਰ: ਬੀਤੇ ਕਲ ਸ੍ਰੀਨਗਰ ਦੇ ਸ਼ਹੀਦਗੰਜ ਖੇਤਰ ‘ਚ ਅਤਿਵਾਦੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਅੰਮ੍ਰਿਤਪਾਲ ਸਿੰਘ ਦੀ ਦੇਹ ਉਸ ਦੇ ਜੱਦੀ ਪਿੰਡ ਚਮਿਆਰੀ ਜ਼ਿਲ੍ਹਾ ਅੰਮਿਤ੍ਰਸਰ ਪਹੁੰਚ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਨਹੀਂ ਲੱਗ ਰਿਹਾ। ਲਾਸ਼ ਨੂੰ ਵੇਖ ਕੇ ਨਹੀਂ ਲਗਦਾ ਕਿ ਗੋਲੀਆਂ ਵੱਜੀਆਂ ਹਨ। ਲਾਸ਼ ‘ਤੇ ਸੱਟਾਂ ਦੇ ਨਿਸ਼ਾਨ ਹਨ। ਪ੍ਰਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਅਜੇ ਤੱਕ ਪੋਸਟਮਾਰਟਮ ਰਿਪੋਰਟ ਵੀ ਨਹੀਂ ਦਿਤੀ ਗਈ। ਪ੍ਰਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਦਸਿਆ ਜਾਵੇ। ਜਦੋਂ ਤਕ ਅਸਲ ਕਾਰਨਾਂ ਬਾਰੇ ਨਹੀਂ ਦੱਸਿਆ ਜਾਂਦਾ ਉਦੋਂ ਤਕ ਪ੍ਰਵਾਰ ਅੰਮ੍ਰਿਤਪਾਲ ਦਾ ਸਸਕਾਰ ਨਹੀਂ ਕਰੇਗਾ। ਉਧਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਰੋਹਿਤ ਮਸੀਹ ਦਾ ਇਸ ਵੇਲੇ ਸ੍ਰੀਨਗਰ ਦੇ ਹਸਪਤਾਲ ‘ਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਉਸ ਦੀ ਮ੍ਰਿਤਕ ਦੇਹ ਪਿੰਡ ਚਮਿਆਰੀ ਲਿਆਂਦੀ ਜਾਵੇਗੀ।