ਮਾਲੇਰਕੋਟਲਾ, 23 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਜਿੱਥੇ ਭੂਗੋਲਿਕ ਤੌਰ ਤੇ ਪੰਜ ਦਰਿਆਵਾਂ ਦੀ ਧਰਤੀ ਹੈ ਉੱਥੇ ਗੁਰੂਆਂ, ਭਗਤਾਂ, ਪੀਰਾਂ,ਫਕੀਰਾਂ ਅਤੇ ਪੈਗੰਬਰਾਂ ਦੀ ਧਰਤੀ ਵੀ ਹੈ। ਇਸ ਸੂਬੇ ਅੰਦਰ ਵਸਦੇ ਲੋਕਾਂ ਅੰਦਰ ਨਾ ਸ਼ਰਧਾ ਅਤੇ ਸਤਿਕਾਰ ਦੀ ਕਮੀਂ ਹੈ ਅਤੇ ਨਾ ਇੱਥੇ ਸ਼ਰਧਾ ਅਤੇ ਸਤਿਕਾਰ ਦੇ ਨਾਂਅ ਤੇ ਲੁੱਟ ਖੋਹ ਕਰਨ ਵਾਲੇ ਧਾਰਮਿਕ ਸਥਾਨਾਂ ਅਤੇ ਡੇਰਿਆਂ ਦੇ ਮੁਖੀਆਂ ਦੀ ਕਮੀ ਹੈ। ਪੰਜਾਬ ਅੰਦਰ ਡੇਰਾ ਸਤਿਸੰਗ ਬਿਆਸ, ਨਿਰੰਕਾਰੀ, ਸੰਤ ਰਾਮਪਾਲ, ਡੇਰਾ ਸਿਰਸਾ ਸਾਧ ਸੱਚਾ ਸੌਦਾ, ਨੂਰਮਹਿਲੀਏ ਅਤੇ ਆਸਾ ਰਾਮ ਬਾਪੂ ਵਰਗਿਆਂ ਦੇ ਹਜ਼ਾਰਾਂ ਡੇਰੇ ਹਨ ਜਿਹੜੇ ਲੋਕਾਂ ਦੀ ਸ਼ਰਧਾ ਅਤੇ ਆਸਥਾ ਦੇ ਨਾਂਅ ਤੇ ਉਨ੍ਹਾਂ ਦੇ ਵਲਵਲਿਆਂ ਅਤੇ ਜ਼ਜਬਾਤਾਂ ਨਾਲ ਖੇਡਦੇ ਹਨ ਅਤੇ ਸ਼ਰਧਾਵਾਨ ਲੋਕਾਂ ਦੀ ਹਰ ਸੰਭਵ ਢੰਗ ਨਾਲ ਲੁੱਟ ਖੋਹ ਵੀ ਕਰਦੇ ਹਨ। ਇਨ੍ਹਾਂ ਵਿੱਚੋਂ ਕਈ ਤਾਂ ਬਲਾਤਕਾਰਾਂ ਵਰਗੇ ਸੰਗੀਨ ਅਪਰਾਧਾਂ ਕਾਰਨ ਜੇਲਾਂ ਅੰਦਰ ਵੀ ਬੰਦ ਹਨ ਜਦ ਕਿ ਹੋਰ ਕਈਆਂ ਵਿਰੁੱਧ ਵੱਖ ਵੱਖ ਪ੍ਰਕਾਰ ਦੇ ਅਦਾਲਤੀ ਕੇਸ ਆਦਿਕ ਵੀ ਚਲਦੇ ਹਨ। ਵਾਸਤਵ ਵਿੱਚ ਪੰਜਾਬ ਦੇ ਬਹੁਗਿਣਤੀ ਡੇਰੇਦਾਰ ਮਹਿੰਗੀਆਂ ਜ਼ਮੀਨਾਂ ਦੇ ਵਪਾਰੀ ਹਨ ਅਤੇ ਦੇਸ਼ ਦੇ ਵੱਡੇ ਲੈਂਡ ਮਾਫੀਏ ਦਾ ਹਿੱਸਾ ਹਨ। ਇਨਹਾਂ ਸਾਰੇ ਡੇਰੇਦਾਰਾਂ ਨੇ ਆਪਣੇ ਵੱਡੇ ਵੱਡੇ ਅਤੇ ਆਲੀਸ਼ਾਨ ਮਹਿਲਨੁਮਾ ਡੇਰੇ ਵੱਡੀਆਂ ਵੱਡੀਆਂ ਸਟੇਟ ਲੈਵਲ ਅਤੇ ਰਾਸ਼ਟਰੀ ਰਾਜ ਮਾਰਗਾਂ ਤੇ ਬਣਾਏ ਹੋਏ ਹਨ ਜਿਹੜੇ ਸ਼ਰਧਾਲੂਆਂ ਦੀ ਲੁੱਟੀ ਗਈ ਦਸਾਂ ਨਹੁੰਆਂ ਦੀ ਕਿਰਤ ਕਮਾਈ ਦੇ ਦਸਵੰਧ ਦੀ ਰਕਮ ਵਿੱਚੋਂ ਖ੍ਰੀਦੀਆਂ ਗਈਆਂ ਹਨ। ਪੰਜਾਬ ਦੇ ਇਨ੍ਹਾਂ ਧਾਰਮਿਕ ਕਿਸਮ ਦੇ ਡੇਰਿਆਂ ਨੇ ਪੰਜਾਬ,ਪੰਜਾਬੀਆਂ ਅਤੇ ਪੰਜਾਬੀਅਤ ਦਾ ਕੋਈ ਭਲਾ ਨਹੀਂ ਕੀਤਾ ਬਲਕਿ ਜਿੰਨਾ ਹੋ ਸਕਿਆ ਲੁਟਿਆ ਹੀ ਹੈ। ਭਾਰਤ ਦੇ ਦੱਖਣ ਵਾਲੇ ਪਾਸੇ ਪੈਂਦੇ ਸੂਬੇ ਕਰਨਾਟਕ ਦੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਬੀਤੇ ਦਿਨੀਂ ਆਪਣੀ ਵਿਧਾਨ ਸਭਾ ਅਸ਼ੈਂਬਲੀ ਵਿੱਚ ਉਨ੍ਹਾਂ ਡੇਰਿਆਂ ਦੇ ਚੜਾ੍ਹਵੇ ਤੇ 10 ਫੀ ਸਦੀ ਇਨਕਮ ਟੈਕਸ ਲਗਾਉਣ ਦਾ ਬਿੱਲ ਪਾਸ ਕਰਵਾਇਆ ਹੈ ਜਿਨ੍ਹਾਂ ਮੰਦਰਾਂ, ਮਸਜਿਦਾਂ, ਚਰਚਾਂ, ਗੁਰਦੁਆਰਿਆਂ ਜਾਂ ਹਿੰਦੂ ਮੰਦਿਰਾਂ ਦੀ ਸਲਾਨਾ ਆਮਦਨ ਇੱਕ ਕਰੋੜ੍ਹ ਤੋਂ ਵਧੇਰੇ ਹੈ ਪਰ 10 ਲੱਖ ਸਲਾਨਾ ਤੋਂ ਵੱਧ ਆਮਦਨ ਵਾਲੇ ਧਾਰਮਿਕ ਸਥਾਨਾਂ ਤੋਂ 5 ਫੀ ਸਦੀ ਟੈਕਸ ਲਿਆ ਜਾਵੇਗਾ। ਕਰਨਾਟਕ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਟੈਕਸ ਦੇ ਰੂਪ ਵਿੱਚ ਵਸੂਲਿਆ ਗਿਆ ਇਹ ਸਾਰਾ ਧਨ ਲੋਕਾਂ ਦੇ ਚੜਾ੍ਹਵੇ ਵਿੱਚੋਂ ਲੈ ਕੇ ਲੋਕਾਂ ਦੀ ਭਲਾਈ ਲਈ ਹੀ ਖਰਚ ਕੀਤਾ ਜਾਵੇਗਾ। ਪੰਜਾਬ ਅੰਦਰ ਵੀ ਰਾਜ ਕਰਦੀ ਆਪ ਸਰਕਾਰ ਅਗਰ ਚਾਹੇ ਤਾਂ ਡੇਰੇਦਾਰਾਂ ਵਲੋਂ ਲੈਂਡ ਮਾਫੀਏ ਵਜੋਂ ਕੰਮ ਕਰਦੇ ਹਜ਼ਾਰਾਂ ਡੇਰਿਆਂ ਦੀ ਜ਼ਮੀਨ ਸੂਬਾ ਸਰਕਾਰ ਦੇ ਵਡੇਰੇ ਹਿੱਤਾਂ ਦੀ ਰਾਖੀ ਲਈ ਕੁਰਕ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਥਾਵਾਂ ਤੇ ਕਾਲਜ, ਸਕੂਲ ਅਤੇ ਹਸਪਤਾਲ ਉਸਾਰੇ ਜਾ ਸਕਦੇ ਹਨ।