ਮਲੇਰਕੋਟਲਾ, 10 ਅਪ੍ਰੈਲ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੀ ਕਾਂਗਰਸ ਪਾਰਟੀ, ਸ਼੍ਰੌਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਸੂਬੇ ਅੰਦਰ ਲੋਕ ਸਭਾ ਦੀ ਚੋਣ ਲੜਾਉਣ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ ਜਿਸ ਦੇ ਚਲਦਿਆਂ ਇਨ੍ਹਾਂ ਪਾਰਟੀਆਂ ਦੀ ਹਾਲਤ ਪਾਣੀ ਤੋਂ ਪਤਲੀ ਅਤੇ ਹਾਸੋਹੀਣੀ ਹੋਈ ਪਈ ਹੈ ਕਿਉਂਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੂੰ ਲੋਕ ਸਭਾ ਟਿਕਟਾਂ ਲੋਕਾਂ ਦੇ ਘਰਾਂ ਅੰਦਰ ਕੰਧਾਂ ਦੇ ਉੱਪਰੋਂ ਜਬਰੀ ਸੁਟਣੀਆਂ ਪੈ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਯੂਥ ਆਗੂ ਕੁਲਵਿੰਦਰ ਸਿੰਘ ਈਸੜਾ ਦੇ ਗ੍ਰਹਿ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ 70 ਸਾਲਾਂ ਦੌਰਾਨ ਤਤਕਾਲੀ ਸਰਕਾਰਾਂ ਨੇ ਜੋ ਕੁਝ ਵੀ ਵਿਕਾਸ ਕੀਤਾ ਹੈ ਉਸ ਤੋਂ ਕਿਤੇ ਵੱਧ ਵਿਕਾਸ ਪਿਛਲੇ ਸਵਾ ਦੋ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੋਇਆ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਡੀ ਦੋ ਸਾਲ ਦੀ ਕਾਰਗੁਜ਼ਾਰੀ ਬਾਕੀ ਪਾਰਟੀਆਂ ਦੀ ਕਾਰਗੁਜ਼ਾਰੀ ਨਾਲੋਂ ਕਿਤੇ ਵਧੇਰੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਵਾਇਤੀ ਦਲਾਂ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਸੂਝਵਾਨ ਵੋਟਰ ਮੂੰਹ ਲਾਉਣ ਲਈ ਵੀ ਤਿਆਰ ਨਹੀਂ।ਉਨਹਾਂ ਕਿਹਾ ਕਿ ਪੰਜਾਬ ਦਾ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲਾ ਪ੍ਰਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸ ਪਾਰਟੀ ਅਤੇ ਢੀਂਡਸਾ ਪ੍ਰਵਾਰ ਵੀ ਚੋਣ ਮੈਦਾਨ ਵਿੱਚ ਕੁੱਦਣ ਲਈ ਧਰਤੀ ਤੇ ਪੈਰ ਨਹੀਂ ਲਾ ਰਹੇ ਕਿਉਂਕਿ ਆਪਣੀਆ ਪਾਰਟੀਆਂ ਦੇ ਅਜਿਹੇ ਹਾਲਾਤ ਇਨਹਾਂ ਪਾਰਟੀਆਂ ਦੇ ਆਗੂਆਂ ਨੇ ਖੁਦ ਬਣਾਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਵੋਟਾਂ ਵਿਕਾਸ ਦੇ ਨਾਂਅ ਤੇ ਮੰਗ ਰਹੇ ਹਾਂ ਕਿਉਂਕਿ ਅਸੀਂ ਪੰਜਾਬ ਵਿੱਚ ਵਸਦੇ ਹਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਨੇਕਾਂ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਬਿਜਲੀ ਦੇ ਬਿੱਲ ਮੁਆਫ ਕਰਨੇ, ਸੜਕਾਂ ਤੋਂ ਟੋਲ ਪਲਾਜ਼ੇ ਚੁੱਕਣੇ ਅਤੇ ਨਵੇਂ ਸੂਏ ਅਤੇ ਕੱਸੀਆਂ ਕੱਢ ਕੇ ਹਰ ਕਿਸਾਨ ਦੇ ਖੇਤ ਤੱਕ ਪਾਣੀ ਪੁਚਾਉਣ ਦਾ ਕੰਮ ਆਪ ਸਰਕਾਰ ਨੇ ਕੀਤਾ ਹੈ। ਉਸ ਮੌਕੇ ਹਾਜ਼ਰ ਸਨ ਸਤਿੰਦਰ ਸਿੰਘ ਚੱਠਾ,ਰਾਜਵੰਤ ਸਿੰਘ ਘੁੱਲੀ ,ਅਮਦੀਪ ਸਿੰਘ ਧਾਂਦਰਾ,ਰਛਪਾਲ ਸਿੰਘ,ਸੰਦੀਪ ਸਿੰਘ,ਚੂਹੜ ਸਿੰਘ,ਗੁਲਝਾਰ ਸਿੰਘ,ਹਮੀਰ ਸਿੰਘ ਅਤੇ ਵਿੱਕੀ ਪੰਧੇਰ ਆਦਿ ਹਾਜਰ ਸਨ।