ਐਮ.ਪੀ. ਸੰਗਰੂਰ ਨੇ ਜ਼ਿਲ੍ਹਾ ਮਾਲੇਰਕੋਟਲਾ ਦੇ ਅਪਾਹਿਜਾ ਨੂੰ ਮੋਟਰਾਈਜਡ ਟ੍ਰਾਈਸਾਈਕਲਾਂ ਅਤੇ ਹੋਰ ਸਹਾਇਕ ਉਪਕਰਨ ਵੰਡੇ
- ਗਰੀਬਾਂ ਦੀ ਭਲਾਈ ਲਈ ਰਹਿੰਦੇ ਕੰਮ ਪੂਰੇ ਕਰਨ ਲਈ ਅਸੀਂ ਕੇਂਦਰ ਤੋਂ ਹੋਰ ਗ੍ਰਾਂਟ ਦੀ ਮੰਗ ਕਰਦੇ ਹਾਂ: ਸਿਮਰਨਜੀਤ ਸਿੰਘ ਮਾਨ
- ਕਿਸੇ ਵੀ ਲੋੜਵੰਦ ਪਰਿਵਾਰ ਨੂੰ ਐਮ.ਪੀ. ਕੋਟੇ ਦੀਆਂ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ: ਸਿਮਰਨਜੀਤ ਸਿੰਘ ਮਾਨ
ਮਾਲੇਰਕੋਟਲਾ, 25 ਦਸੰਬਰ ( )- ਐਮ.ਪੀ. ਕੋਟੇ ਦੀ ਗ੍ਰਾਂਟ ਅਤੇ ਐਮ.ਪੀ. ਲੈਂਡ ਅਧੀਨ ਆਉਣ ਵਾਲੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ ਵੱਧ ਤੋਂ ਵੱਧ ਜਿਨ੍ਹੇ ਵੀ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਕੰਮ ਸੰਭਵ ਸਨ, ਅਸੀਂ ਪੂਰੀ ਤਨਦੇਹੀ ਨਾਲ ਕੀਤੇ ਅਤੇ ਜੋ ਗਰੀਬਾਂ ਦੇ ਕੰਮ ਅਧੂਰੇ ਰਹਿ ਗਏ ਹਨ, ਉਸਦੇ ਲਈ ਅਸੀਂ ਕੇਂਦਰ ਸਰਕਾਰ ਤੋਂ ਹੋਰ ਗ੍ਰਾਂਟ ਦੀ ਮੰਗ ਕਰਦੇ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਸਥਾਨਕ ਇਸਲਾਮੀਆ ਗਰਲਜ ਕਾਲਜ ਵਿਖੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਿਆ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੀ ਆਡਿਪ ਯੋਜਨਾ ਤਹਿਤ ਐਮ.ਪੀ. ਸੰਗਰੂਰ ਦੇ ਸੰਸਦੀ ਕੋਟੇ ਵਿੱਚੋਂ ਅਪਾਹਿਜਾਂ ਨੂੰ ਮੋਟਰਾਈਜਡ ਟ੍ਰਾਈਸਾਈਕਲਾਂ, ਵਹੀਲ ਚੇਅਰਾਂ ਸਮੇਤ ਹੋਰ ਸਹਾਇਕ ਉਪਕਰਨ ਵੰਡਣ ਲਈ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਜ਼ਿਲ੍ਹਾ ਮਾਲੇਰਕੋਟਲਾ ਦੇ ਲਗਭਗ 129 ਅਪਾਹਿਜ ਲਾਭਪਾਤਰਾਂ ਨੂੰ ਸਹਾਇਕ ਉਪਕਰਨ ਵੰਡੇ ਗਏ, ਜਿਨ੍ਹਾਂ ਵਿੱਚ ਮੋਟਰਾਈਜਡ ਟ੍ਰਾਈਸਾਈਕਲਾਂ, ਟ੍ਰਾਈਸਾਈਕਲਾਂ, ਵਹੀਲ ਚੇਅਰਜ਼, ਸਮਾਰਟ ਫੋਨ, ਸੀਪੀ ਚੇਅਰਜ਼, ਵੈਸਾਖੀਆਂ ਸਮੇਤ ਹੋਰ ਵੱਖ-ਵੱਖ ਉਪਕਰਨ ਸ਼ਾਮਲ ਹਨ