ਮਾਲੇਰਕੋਟਲਾ,17 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦੇ ਹਰਮਨ ਪਿਆਰੇ ਆਗੂ ਬਣ ਚੁੱਕੇ ਹਨ ਅਤੇ ਸੂਬੇ ਦੀ ਸਮੁੱਚੀ ਜਨਤਾ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਅਤੇ ਰਾਜਨੀਤਕ ਕਾਰਜਸ਼ੈਲੀ ਤੋਂ ਬਹੁਤ ਹੀ ਜਿਆਦਾ ਪ੍ਰਭਾਵਤ ਅਤੇ ਖੁਸ਼ ਹੈ। ਪੰਜਾਬ ਅੰਦਰ ਮੌਜੂਦਾ ਵਿਧਾਨ ਸਭਾ ਅਤੇ ਆਪ ਸਰਕਾਰ ਦੀ ਚੋਣ ਫਰਵਰੀ 2022 ਦੌਰਾਨ ਹੋਈ ਸੀ ਅਤੇ ਇਸ ਸਰਕਾਰ ਦਾ ਕਾਰਜਕਾਲ ਜਨਵਰੀ 2027 ਵਿੱਚ ਸਮਾਪਤ ਹੋਵੇਗਾ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸ.ਮਾਨ ਦਸੰਬਰ 2026 ਅਤੇ ਜਨਵਰੀ 2027 ਤੋਂ ਪਹਿਲਾਂ ਪਹਿਲਾਂ ਆਪਣੀ ਪਾਰਟੀ ਦੇ ਕਾਰਜਕਾਲ ਦੀ ਸਮਾਪਤੀ ਦੇ ਨੇੜੇ ਤੇੜੇ ਆਪਣੀ ਸਰਕਾਰ ਦੇ ਸਮੁੱਚੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਜਾਇਦਾਦਾਂ ਦੀ ਜਾਂਚ ਜਰੂਰ ਕਰਵਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਅੰਦਰ ਰਾਜ ਕਰਦੀਆਂ ਰਹੀਆਂ ਸਰਕਾਰਾਂ ਦੇ ਅਨੇਕਾਂ ਵਿਧਾਇਕਾਂ ਅਤੇ ਮੰਤਰੀਆਂ ਨੇ ਰੱਜ ਕੇ ਭ੍ਰਿਸਟਾਚਾਰ ਕੀਤਾ ਸੀ ਪਰ ਉਨ੍ਹਾਂ ਦੀਆਂ ਜਾਇਦਾਦਾਂ ਦੀ ਕਿਸੇ ਵੀ ਤਤਕਾਲੀ ਸਰਕਾਰ ਦੇ ਮੁੱਖ ਮੰਤਰੀ ਵਲੋਂ ਜਾਂਚ ਨਹੀਂ ਕਰਵਾਈ ਗਈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਤਤਕਾਲੀ ਸਰਕਾਰਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਵਿੱਚ ਤਤਕਾਲੀ ਮੁੱਖ ਮੰਤਰੀਆਂ ਦੇ ਵੀ ਬਰਾਬਰ ਦੇ ਹਿੱਸੇ ਸਨ ਜਿਸ ਦੇ ਚਲਦਿਆਂ ਉਹ ਦਾਗੀ ਹੋਣ ਦੇ ਬਾਵਜੂਦ ਵੀ ਬਚ ਜਾਂਦੇ ਰਹੇ ਅਤੇ ਅਗਲੀਆਂ ਸਰਕਾਰਾਂ ਦੌਰਾਨ ਵੀ ਪਹਿਲਾਂ ਵਾਂਗ ਵਿਧਾਇਕ ਵੀ ਚੁਣੇ ਜਾਂਦੇ ਰਹੇ।ਅਗਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਇਕਾਂ ਦੀਆਂ ਜਾਇਦਾਦਾਂ ਦੀ ਜਾਂਚ ਲਈ ਅਟੱਲ ਰਹੇ ਤਾਂ ਉਹ ਸਾਲ 2027 ਦੌਰਾਨ ਪੰਜਾਬ ਵਿਧਾਨ ਸਭਾ ਲਈ ਹੋਣ ਵਾਲੀਆਂ ਅਗਲੀਆਂ ਚੋਣਾਂ ਵਿੱਚ ਵੀ ਦੂਜੀ ਵਾਰ ਸਰਕਾਰ ਬਣਾਉਣ ਦਾ ਮੋਰਚਾ ਸਰ ਕਰ ਲੈਣ ਦੇ ਸਮਰੱਥ ਹੋਣਗੇ । ਸੂਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਭਗਵੰਤ ਮਾਨ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੀਆ ਜਾਇਦਾਦਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਜਿਹੜੇ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਉਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਕੇਸ ਵੀ ਦਰਜ਼ ਕਰਵਾਉਣਗੇ ਅਤੇ ਮੁੜ੍ਹ ਅਜਿਹੇ ਦਾਗੀ ਬੰਦਿਆਂ ਨੂੰ ਆਪਣੀ ਪਾਰਟੀ ਦੀ ਕਦੇ ਟਿਕਟ ਵੀ ਨਹੀਂ ਦੇਣਗੇ।ਹਾਂ ਇਹ ਸੱਚ ਹੈ ਕਿ ਉਸਦੇ ਜਿਹੜੇ ਵਿਧਾਇਕ ਇਸ ਅਗਨੀ ਪ੍ਰੀਖਿਆ ਵਿੱਚੋਂ ਪਾਸ ਹੋ ਜਾਣਗੇ ਉਨ੍ਹਾਂ ਨੂੰ ਦੁਬਾਰਾ ਜਿਤਾਉਣ ਲਈ ਉਹ ਆਪਣਾ ਪੂਰਾ ਜੋਰ ਤਾਣ ਵੀ ਲਾਉਣਗੇ ਅਤੇ ਸੂਬੇ ਦੇ ਵੋਟਰਾਂ ਨੂੰ ਵੀ ਕਹਿਣਗੇ ਕਿ ਇਮਾਨਦਾਰ ਵਿਅਕਤੀਆਂ ਨੂੰ ਵਿਧਾਇਕ ਵਜੋਂ ਦੂਸਰਾ ਮੌਕਾ ਵੀ ਦਿੱਤਾ ਜਾਵੇ।