ਅੰਤਰਰਾਸ਼ਟਰੀ ਉਡਾਣਾਂ ਨਾਲ ਸਬੰਧਤ ਏਅਰਲਾਈਨਾਂ ਦੀਆਂ ਟਿਕਟਾਂ ਬਲੈਕ ਵਿੱਚ ਵੇਚਣ ਵਾਲਾ ਮਾਫੀਆ ਪੂਰੀ ਤਰਾਂ੍ਹ ਸਰਗਰਮ
ਮਾਲੇਰਕੋਟਲਾ, ੨੩ ਦਸੰਬਰ (ਬਲਵਿੰਦਰ ਸਿੰਘ ਭੁੱਲਰ) : ਜਿਵੇਂ ਪੰਜਾਬ ਅੰਦਰ ਭੂ-ਮਾਫੀਆ, ਰੇਤ-ਮਾਫੀਆ, ਟਰਾਂਸਪੋਰਟ ਮਾਫੀਆ ਜਾਂ ਵਿਦੇਸ਼ ਭੇਜਣ ਦੇ ਨਾਂਅ ਤੇ ਮਨੁੱਖੀ ਤਸਕਰੀ ਕਰਦਾ ਅੰਤਰਰਾਸ਼ਟਰੀ ਮਾਫੀਆ ਸਰਗਰਮ ਹੈ ਬਿੱਲਕੁੱਲ ਉਸੇ ਤਰਜ਼ ਤੇ ਭਾਰਤ ਅੰਦਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨਾਲ ਸਬੰਧਤ ਏਅਰਲਾਈਨਾਂ ਜਾਂ ਹਵਾਈ ਜਹਾਜਾਂ ਦੀਆਂ ਟਿਕਟਾਂ ਬਲੈਕ ਵਿੱਚ ਵੇਚਣ ਵਾਲਾ ਮਾਫੀਆ ਵੀ ਪੂਰੀ ਤਰਾਂ੍ਹ ਸਰਗਰਮ ਹੈ। ਇਹ ਅਕਸਰ ਵੇਖਣ ਸੁਣਨ ਵਿੱਚ ਆਉਂਦਾ ਹੈ ਕਿ ਹਵਾਈ ਜਹਾਜਾਂ ਦਾ ਟਿਕਟ ਮਾਫੀਆ ਦੁਨੀਆਂ ਦੀਆਂ ਵੱਖਰੀਆ ਵੱਖਰੀਆਂ ਏਅਰਲਾਈਨਾਂ ਅੰਦਰ ਪਸਰੇ ਮੰਦਵਾੜ੍ਹੇ ਦੇ ਦੌਰ ਵਿੱਚ ਪੂਰੇ ਪੂਰੇ ਮਹੀਨੇ ਦੌਰਾਨ ਵਿਕਣ ਵਾਲੀਆ ਟਿਕਟਾਂ ਸਸਤੇ ਰੇਟ ਤੇ ਇੱਕੋ ਦਿਨ ਇਕੱਠੀਆਂ ਖਰੀਦ ਲੈਂਦਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਟਿਕਟਾਂ ਨੂੰ ਆਪਣੀ ਮਨਮਰਜੀ ਨਾਲ ਮਹਿੰਗੇ ਭਾਅ ਤੇ ਵੇਚਦਾ ਹੈ। ਅਜਿਹਾ ਕਾਰੋਬਾਰ ਭਾਵੇਂ ਸਭ ਤੋਂ ਵੱਧ ਕੈਨੇਡਾ ਨੂੰ ਜਾਣ ਵਾਲੇ ਵਿਦਿਆਰਥੀਆਂ ਅਤੇ ਵਿਜ਼ਟਰਾਂ ਦੇ ਸਿਰ ਤੇ ਚਲਦਾ ਹੈ ਪਰ ਵੱਖ ਵੱਖ ਸੀਜ਼ਨਾਂ ਦੌਰਾਨ ਇਹ ਕਾਲਾ ਕਾਰੋਬਾਰ ਅਕਸਰ ਆਸਟ੍ਰੇਲੀਆ, ਨਿਊਜੀਲੈਂਡ, ਇੰਗਲੈਂਡ ਅਤੇ ਅਮਰੀਕਾ ਜਾਣ ਵਾਲੇ ਲਗਭਗ ਸਾਰੇ ਹੀ ਵਿਅਕਤੀਆਂ ਦੇ ਸਿਰ ਤੇ ਕੀਤਾ ਜਾਂਦਾ ਹੈ। ਸਮੇਂ ਦੀਆਂ ਸਰਕਾਰਾਂ ਇਸ ਰੁਝਾਨ ਨੂੰ ਰੋਕਣ ਵਿੱਚ ਹਮੇਸ਼ਾ ਅਸਫਲ ਹੀ ਰਹਿਣਗੀਆ ਕਿਉਂਕਿ ਇਸ ਕੰਮ ਵਿੱਚ ਸੈਂਕੜੇ ਏਅਰਲਾਈਨਾਂ ਦੇ ਮਾਲਕ ਵੀ ਸ਼ਾਮਲ ਹਨ ਕਿਉਂਕਿ ਮੰਦੇ ਦੇ ਦੌਰ ਵਿੱਚ ਉਨ੍ਹਾਂ ਦੀ ਮੱਦਦ ਲਈ ਇਹੀ ਟਿਕਟ ਮਾਫੀਆ ਅੱਗੇ ਆਉਂਦਾ ਹੈ ਜਿਸ ਪਾਸੋਂ ਇਕੱਤਰ ਕੀਤੀ ਗਈ ਰਕਮ ਨਾਲ ਏਅਰਲਾਈਨਾਂ ਦੇ ਤੇਲ ਪਾਣੀ ਅਤੇ ਸਟਾਫ ਦੀਆ ਤਨਖਾਹਾਂ ਚਲਦੀਆਂ ਹਨ। ਭਾਵੇਂ ਕੁਝ ਵੀ ਹੋਵੇ ਪਰ ਸਰਕਾਰਾਂ ਅਗਰ ਚਾਹੁਣ ਤਾਂ ਉਨ੍ਹਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਅੱਗੇ ਕਾਰਪੋਰੇਟ ਘਰਾਣਿਆਂ ਸਮੇਤ ਹਰ ਵੱਡੇ ਛੋਟੇ ਨੂੰ ਝੁਕਣਾ ਜਰੂਰ ਪੈਂਦਾ ਹੈ। ਸੋ, ਸਮੇਂ ਦੀਆਂ ਸਰਕਾਰ ਇਸ ਦਿਸ਼ਾ ਵਿੱਚ ਢੁਕਵਾਂ ਕਦਮ ਜਰੂਰ ਚੁੱਕਣਾ ਚਾਹੀਦਾ ਹੈ ਕਿਉਂ ਕਿ ਇਹਨਾਂ ਟਿਕਟਾਂ ਨੂੰ ਖਰੀਦਣ ਵਾਲੇ ਜਿਆਦਾਤਰ ਸਟੂਡੈਂਟ ਗਰੀਬ ਹੁੰਦੇ ਹਨ ਜਿਹੜੇ ਆਪਣੀਆਂ ਫੀਸਾਂ ਭਰਨ ਲਈ ਬੈਂਕ ਤੋਂ ਲੋਨ ਆਪਣੀਆਂ ਜਾਇਦਾਦਾਂ ਗਹਿਣੇ ਰੱਖ ਕੇ ਅਤੇ ਵਿਆਜੂ ਪੈਸੇ ਲੈਕੇ ਬਹੁਤ ਔਖੀਆਂ ਪੂਰੀਆਂ ਕਰਦੇ ਹਨ ਤਾਂ ਕਿ ਵਿਦੇਸ਼ ਜਾਣ ਵਾਲੇ ਲੋਕ ਮਹਿੰਗੀਆਂ ਟਿਕਟਾਂ ਦੇ ਮਾਮਲੇ ਵਿੱਚ ਕੁਝ ਨਾ ਕੁਝ ਰਾਹਤ ਮਹਿਸੂਸ ਕਰਨ।