ਮਾਲੇਰਕੋਟਲਾ 12 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ, ਇਸਮਾਈਲ ਏਸ਼ੀਆ) ਆਖਿਰਕਾਰ ਭਾਨਾ ਸਿੱਧੂ ਕਈ ਅਟਕਲਾਂ ਤੋਂ ਬਾਅਦ ਅੱਜ ਦੁਪਹਿਰ 1 ਵਜੇ ਦੇ ਕਰੀਬ ਮਲੇਰਕੋਟਲਾ ਸਬ ਜੇਲ ਵਿੱਚੋਂ ਰਿਹਾਅ ਹੋ ਗਿਆ। ਵੱਖੋ ਵੱਖ ਮਾਮਲਿਆਂ ਵਿੱਚ ਮਿਲੀ ਜ਼ਮਾਨਤ ਤੋਂ ਬਾਅਦ ਭਾਨਾ ਸਿੱਧੂ ਨੂੰ ਜੇਲ ਅੰਦਰੋਂ ਰਿਹਾ ਕਰ ਦਿੱਤਾ। ਭਾਵੇਂ ਕਿ ਦੋ ਦਿਨ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਅੱਜ ਰਿਹਾ ਕਰ ਦਿੱਤਾ ਜਾਵੇਗਾ ਪਰ ਉਸ ਦਿਨ ਅਜਿਹਾ ਨਹੀਂ ਹੋ ਸਕਿਆ। ਭਾਨਾ ਸਿੱਧੂ ਕਈ ਦਿਨਾਂ ਤੋਂ ਵੱਖ ਵੱਖ ਮਾਮਲਿਆਂ ਵਿੱਚ ਮਲੇਰਕੋਟਲਾ ਸਬ ਜੇਲ ਵਿੱਚ ਬੰਦ ਸੀ ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਇੱਕ ਸੰਕੇਤਿਕ ਧਰਨਾ ਸੰਗਰੂਰ ਵਿਖੇ ਵੀ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਫਿਰ ਸੰਗੀਨ ਧਾਰਾਵਾਂ ਤਹਿਤ ਭਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਤੇ ਲੱਖਾ ਸਿਧਾਣਾ ਤੇ ਮਾਮਲਾ ਦਰਜ ਕਰ ਦਿੱਤਾ ਸੀ ਤੇ ਇੰਝ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਭਾਨਾ ਸਿੱਧੂ ਦੀ ਰਿਹਾਈ ਨਹੀਂ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ ਇੱਕ ਅਬੋਹਰ ਵਾਲਾ ਮਾਮਲਾ ਅਤੇ ਇੱਕ ਮੋਹਾਲੀ ਵਾਲੇ ਮਾਮਲੇ ਵਿੱਚ ਜਮਾਨਤ ਮਿਲਣ ਤੋਂ ਬਾਅਦ ਭਾਨਾ ਸਿੱਧੂ ਅੱਜ ਮਲੇਰਕੋਟਲਾ ਸਬ ਜੇਲ ਤੋਂ ਰਿਹਾ ਹੋ ਗਿਆ ਜਦੋਂ ਭਾਨਾ ਸਿੱਧੂ ਜੇਲ ਤੋਂ ਬਾਹਰ ਆਇਆ ਤਾਂ ਉਹਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਆਪਣੇ ਤੇ ਹੋਏ ਤਸ਼ੱਦਦ ਨੂੰ ਲੈ ਕੇ ਤੇ ਉਸਦੀ ਬਣਾਈ ਵੀਡੀਓ ਨੂੰ ਲੈ ਕੇ ਹਰ ਇੱਕ ਗੱਲ ਮੀਡੀਆ ਸਾਹਮਣੇ ਰੱਖੀ ਅਤੇ ਇਹ ਵੀ ਕਿਹਾ ਕਿ ਉਹ ਦਿੱਲੀ ਕਿਸਾਨ ਅੰਦੋਲਨ ‘ਚ ਜਰੂਰ ਜਾਏਗਾ। ਇਸ ਮੌਕੇ ਉਹਨਾਂ ਮੀਡੀਆ ਕਰਮੀਆਂ ਤੇ ਮੀਡੀਆ ਅਦਾਰਿਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਉਸਦੀ ਮਦਦ ਕੀਤੀ ਤੇ ਕਵਰੇਜ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਇੱਕ ਬੀਤੀ ਹੋਈ ਹੱਡ ਬੀਤੀ ਉਹ ਜਲਦ ਹੀ ਮੀਡੀਆ ਸਾਹਮਣੇ ਸਾਰੀ ਜਾਣਕਾਰੀ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਜਲਦ ਖੁਲਾਸਾ ਕਰੇਗਾ ।