ਅੰਮ੍ਰਿਤਸਰ : ਕਿਸੇ ਵੀ ਸਰਕਾਰ ਦਾ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਦਖ਼ਲ ਅੰਦਾਜ਼ ਹੋਣਾ ਬੇਹੱਦ ਮੰਦਭਾਗਾ ਤੇ ਅਫ਼ਸੋਸਜਨਕ ਹੈ। ਇਤਿਹਾਸ ਦਸਦਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਸਰਕਾਰੀ ਘੁਸਪੈਠ ਸੰਗਤ ਨੇ ਕਦੇ ਵੀ ਬਰਦਾਸ਼ਤ ਜਾਂ ਪ੍ਰਵਾਨ ਨਹੀਂ ਕੀਤੀ। ਇਹ ਵਿਚਾਰ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅੱਜ ਏਥੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸਮੁੱਚੇ ਗਲਿਆਰੇ ਦਾ ਨਿਰੀਖਣ ਕਰਦਿਆਂ ਪ੍ਰਗਟ ਕੀਤੇ। ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਰਘਬੀਰ ਸਿੰਘ ਦੇ ਪ੍ਰੀਵਾਰਕ ਸਮਾਗਮ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪੁਜੇ ਸਨ। ਉਹ ਗੁਰਦੁਆਰਾ ਟਾਹਲਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਅਤੇ ਛਾਉਣੀ ਮਹਿਰਾਜ ਸਿੰਘ ਵਿਖੇ ਵੀ ਉਚੇਚੇ ਤੌਰ ਤੇ ਬਾਬਾ ਗੁਰਰਾਜ ਸਿੰਘ ਦੇ ਸਪੁੱਤਰ ਸ. ਗੁਰਸਿਮਰਨਪਾਲ ਸਿੰਘ ਦੇ ਅਨੰਦ ਕਾਰਜ ਦੀ ਵਧਾਈ ਦੇਣ ਪੁਜੇ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਮਹਾਰਾਸ਼ਟਰ ਦੀ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਐਕਟ ਵਿਚ ਮਨਮਰਜ਼ੀ ਦੀ ਤੋੜਭੰਨ ਕਰ ਕੇ ਜੋ ਉਥਲ ਪੁਥਲ ਕੀਤੀ ਗਈ ਹੈ ਉਹ ਜਾਇਜ਼ ਨਹੀਂ ਅਤੇ ਨਾ ਹੀ ਸਿੱਖ ਜਗਤ ਦੀਆਂ ਭਾਵਨਾਵਾਂ ਅਨੁਸਾਰ ਹੈ।