ਸਿਰਸਾ : ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਲਾੜੇ ਨੇ ਰਾਜਸਥਾਨ ਜਾ ਕੇ ਦਾਜ ਪ੍ਰਥਾ ਵਿਰੁਧ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਹ ਲਾੜੀ ਨੂੰ ਲਿਆਉਣ ਲਈ ਢੋਲ-ਵਾਜਿਆਂ ਨਾਲ ਬਰਾਤ ਲੈ ਕੇ ਪਹੁੰਚਿਆ ਪਰ ਲੱਖਾਂ ਰੁਪਏ ਦਾ ਦਾਜ’ ਲੈਣ ਦੀ ਬਜਾਏ ਉਸ ਨੇ ਲਾੜੀ ਦੇ ਪਰਵਾਰ ਤੋਂ ਸ਼ਗਨ ਵਜੋਂ ਸਿਰਫ਼ 1 ਰੁਪਏ ਅਤੇ ਇਕ ਨਾਰੀਅਲ ਲਿਆ । ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲੜਕੇ ਦੇ ਦਾਦਾ ਹਨੂੰਮਾਨ ਨੇ ਕਿਹਾ ਕਿ ਉਨ੍ਹਾਂ ਲਈ ਲਾੜੀ ਸੱਭ ਤੋਂ ਵੱਡਾ ਦਾਜ ਹੈ। ਸਿਰਸਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨੂੰਮਾਨ ਦੇ ਪੋਤੇ ਅਨਿਲ ਕੁਮਾਰ ਦਾ ਵਿਆਹ 4 ਫ਼ਰਵਰੀ ਨੂੰ ਹੋਇਆ ਸੀ। ਅਨਿਲ ਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਮੇਹਰਵਾਲਾ ਵਾਸੀ ਰਾਜਾਰਾਮ ਦੀ ਧੀ ਸੁਮਨ ਨਾਲ ਹੋਇਆ। ਵਿਆਹ ਦੀਆਂ ਸਾਰੀਆਂ ਰਸਮਾਂ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਧੂਮ-ਧਾਮ ਨਾਲ ਨਿਭਾਈਆਂ ਗਈਆਂ।