ਅਮਰਗੜ੍ਹ,7 ਅਪ੍ਰੈਲ (ਬਲਵਿੰਦਰ ਸ਼ਿੰਘ ਭੁੱਲਰ) : ਵਿਧਾਨ ਸਭਾ ਹਲਕਾ ਅਮਰਗੜ੍ਹ ਇਸ ਵੇਲੇ ਆਪਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ.ਜਸਵੰਤ ਸਿੰਘ ਗੱਜਣਮਾਜਰਾ ਤੋਂ ਮਹਿਰੂਮ ਹੋ ਗਿਆ ਹੈ ਕਿਉਂਕਿ ਭਾਰਤ ਸਰਕਾਰ ਦੇ ਈ.ਡੀ.ਵਿਭਾਗ ਵਲੋਂ ਉਨ੍ਹਾਂ ਤੇ ਮਨੀ ਲਾਂਡਰਿੰਗ ਵਰਗਾ ਕੋਈ ਕੇਸ ਦਰਜ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਸ.ਗੱਜਣਮਾਜਰਾ ਦੀ ਹਲਕੇ ਅੰਦਰ ਲਗਾਤਾਰ ਗੈਰਹਾਜ਼ਰੀ ਭਾਵੇਂ ਪਾਰਟੀ ਦੇ ਵਰਕਰਾਂ ਅਤੇ ਵੋਟਰਾਂ ਨੂੰ ਬੁਰੀ ਤਰਾ੍ਹ ਰੜਕਦੀ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਨਹਾਂ ਦੀ ਪਤਨੀ ਮੈਡਮ ਪਰਮਿੰਦਰ ਕੌਰ ਗੱਜਣਮਾਜਰਾ ਨੇ ਪਾਰਟੀ ਕਮਾਂਡ ਸੰਭਾਲ ਲਈ ਹੈ ਅਤੇ ਉਹ ਹੁਣ ਹਲਕੇ ਅੰਦਰ ਹੋਣ ਵਾਲੇ ਸਾਰੇ ਹੀ ਸਰਕਾਰੀ ਅਤੇ ਗੈਰਸਰਕਾਰੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਰੀਕ ਹੋਣ ਲੱਗੇ ਹਨ ਜਿਸ ਨਾਲ ਪਾਰਟੀ ਵਰਕਰਾਂ ਦਾ ਹੌਸਲਾ ਵੀ ਬੁਲੰਦ ਹੋਇਆ ਹੈ ਅਤੇ ਮੈਡਮ ਗੱਜਣਮਾਜਰਾ ਦਾ ਆਤਮ ਵਿਸ਼ਵਾਸ ਵੀ ਕਾਫੀ ਹੱਦ ਤੱਕ ਵਧਿਆ ਵਿਖਾਈ ਦੇ ਰਿਹਾ ਹੈ। ਬੀਤੇ ਦਿਨ ਉਨਹਾਂ ਵਲੋਂ ਦਿੱਲੀ ਵਿਖੇ ਪਹੁੰਚ ਕੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕਰਨ ਨਾਲ ਸਮੁੱਚੇ ਉੱਤਰੀ ਭਾਰਤ ਵਿੱਚ ਮੈਡਮ ਪਰਮਿੰਦਰ ਕੌਰ ਗੱਜਣਮਾਜਰਾ ਦੀ ਖੂਬ ਵਾਹ ਵਾਹ ਹੋਈ ਹੈ। ਉੱਧਰ ਸ.ਗੱਜਣਮਾਜਰਾ ਦੇ ਜੇਲ ਚਲੇ੍ਹ ਜਾਣ ਤੋਂ ਬਾਅਦ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਜਿਹੜਾ ਸਿਆਸੀ ਖਲਾਅ ਪੈਦਾ ਹੋ ਗਿਆ ਸੀ ਉਸ ਨੂੰ ਕੈਸ਼ ਕਰਨ ਲਈ ਹਲਕਾ ਅਮਰਗੜ੍ਹ ਦੀ ਪ੍ਰਸਿੱਧ ਕਾਂਗਰਸੀ ਆਗੂ ਅਤੇ ਸਿਆਸੀ ਸ਼ਖਸੀਅਤ ਮਾਈ ਰੂਪ ਕੌਰ ਬਾਗੜੀਆਂ ਆਪਣੇ ਸਪੁੱਤਰ ਸ.ਨਰਪਤ ਸਿੰਘ ਬਾਗੜੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਉਮੀਦ ਕੀਤੀ ਜਾਣ ਲੱਗੀ ਹੈ ਕਿ ਆਪ ਹਾਈਕਮਾਂਡ ਮਾਈ ਰੂਪ ਕੌਰ ਬਾਗੜੀਆਂ ਨੂੰ ਜਾਂ ਉਨਹਾਂ ਦੇ ਸਪੁੱਤਰ ਨੂੰ ਪਾਰਟੀ ਅੰਦਰ ਕੋਈ ਅਹਿਮ ਅਹੁਦੇ ਨਾਲ ਨਿਵਾਜ਼ ਸਕਦੀ ਹੈ। ਬਾਕੀ ਇਸ ਸਮੁੱਚੇ ਸਿਲਸਿਲੇ ਦੇ ਅੰਤਿਮ ਸਿਰੇ ਤੇ ਹੁਣ ਅਮਰਗੜ੍ਹ ਹਲਕੇ ਅੰਦਰ ਇੱਕੋ ਇੱਕ ਸਥਾਨਕ ਕਾਂਗਰਸੀ ਆਗੂ ਸ. ਬਲਵੰਤ ਸਿੰਘ ਦੁੱਲਮਾਂ ਬਚੇ ਹਨ ਜਿਹੜੇ ਪਾਰਟੀ ਅੰਦਰ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਕੇ ਆਪਣੀਆਂ ਸਮੁੱਚੀਆ ਜਿੰਮੇਂਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੋਲ ਇਸ ਸਮੇਂ ਸ.ਦੁੱਲਮਾਂ ਨਾਲੋਂ ਵਧ ਕੇ ਕੋਈ ਸਥਾਨਕ ਕਾਂਗਰਸੀ ਆਗੂ ਹਲਕੇ ਵਿੱਚ ਮੌਜੂਦ ਨਹੀਂ ਜਿਸ ਨੂੰ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ 2027 ਦੀ ਚੋਣ ਵਿੱਚ ਵਿਧਾਇਕ ਦੇ ਮੁਕਾਬਲੇ ਲਈ ਚੋਣ ਵਿੱਚ ਉਤਾਰਿਆ ਜਾ ਸਕੇ। ਬਾਕੀ ਰਾਜਨੀਤੀ ਵਿੱਚ ਕੁਝ ਵੀ ਨਿਸਚਿਤ ਨਹੀਂ ਜਿਸ ਦੇ ਚਲਦਿਆਂ ਬੇਹਤਰ ਹੋਵੇਗਾ ਕਿ ਕੁਝ ਸਮਾਂ ਹੋਰ ਇੰਤਜ਼ਾਰ ਕੀਤਾ ਜਾਵੇ।
