ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਟਰੈਫਿਕ ਦਫਤਰ ਵਿਖੇ ‘ਟਰੈਫਿਕ ਜਾਗਰੂਕਤਾ ਕੈਂਪ’ ਲਗਾਇਆ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ੍ਰੀਮਤੀ ਅਵਨੀਤ ਕੌਂਡਲ ਐਸ. ਐਸ. ਪੀ. ਪੁਲਿਸ ਜ਼ਿਲ੍ਹਾ ਖੰਨਾ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸਵਾਗਤ ਪਵਨਜੀਤ ਸਿੰਘ ਡੀ. ਐਸ. ਪੀ. ਚਾਰਜ ਪੁਲਿਸ ਜ਼ਿਲ੍ਹਾ ਖੰਨਾ ਅਤੇ ਸਮਰਾਲਾ ਟਰੈਫਿਕ ਪੁਲਿਸ ਇੰਚਾਰਜ ਤੇਜਿੰਦਰ ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਐਸ. ਐਸ. ਪੀ. ਅਵਨੀਤ ਕੌਂਡਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰੇਕ ਵਾਹਨ ਚਾਲਕ ਨੂੰ ਟਰੈਫਿਕ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਲਾਜਮੀ ਹੈ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅੱਜ ਕੱਲ ਧੁੰਦ ਦਾ ਮੌਸਮ ਹੋਣ ਕਰਕੇ ਜੇਕਰ ਕੋਈ ਖਾਸ ਜਰੂਰਤ ਹੈ ਤਾਂ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਆਮ ਰਾਹਗੀਰਾਂ ਨੂੰ ਵੀ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਅਤੀ ਜਰੂਰੀ ਹੈ, ਉਨ੍ਹਾਂ ਨੂੰ ਕੇਵਲ ਜੈਬਰਾ ਕਰਾਸਿੰਗ ਤੋਂ ਹੀ ਸੜਕ ਪਾਰ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਕਾਇਦਾ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਟੂ ਵੀਲਰ ਚਾਲਕਾਂ ਨੂੰ ਹਮੇਸ਼ਾਂ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫੋਰ ਵੀਲਰ ਚਾਲਕਾਂ ਨੂੰ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਟੂ ਵੀਲਰ ਚਾਲਕਾਂ ਨੂੰ ਮੁਫਤ ਹੈਲਮਟ ਵੰਡੇ ਗਏ ਅਤੇ ਸਮਝਾਇਆ ਗਿਆ ਕਿ ਇਸ ਹੈਲਮਟ ਦੀ ਵਰਤੋਂ ਬਹੁਤ ਜਰੂਰੀ ਹੈ। ਸਾਇਕਲ ਅਤੇ ਰਿਕਸ਼ਾ ਚਾਲਕਾਂ ਨੂੰ ਰੈਡੀਅਮ ਵਾਲੀ ਬੈਲਟਾਂ ਅਤੇ ਫਸਟ ਏਡ ਕਿੱਟਾਂ ਵੰਡੀਆਂ ਗਈਆਂ ਜੋ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਬਾਰੇ ਪਤਾ ਚੱਲ ਸਕੇ। ਇਸ ਮੌਕੇ ਵੱਡੀਆਂ ਗੱਡੀਆਂ, ਜੀਪਾਂ, ਛੋਟੇ ਹਾਥੀ, ਟਰਾਲੀਆਂ ਦੇ ਮਗਰ ਰਿਫਲੈਟਰ ਵੀ ਲਗਾਏ ਗਏ ਤਾਂ ਜੋ ਰਾਤ ਦੇ ਸਮੇਂ ਇਨ੍ਹਾਂ ਦੇ ਚਮਕਣ ਕਾਰਨ ਦੁਰਘਟਨਾਂ ਤੋਂ ਬਚਾਅ ਹੋ ਸਕੇ। ਇਸ ਮੌਕੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਪੈਫਲੈਟ ਵੀ ਵੰਡੇ ਗਏ ਜਿਨ੍ਹਾਂ ਵਿੱਚ ਟਰੈਫਿਕ ਨਿਯਮਾਂ ਅਤੇ ਟਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਹੋਣ ਵਾਲੇ ਜੁਰਮਾਨਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਦੇ ਗਲਾਂ ਵਿੱਚ ਪਾਉਣ ਵਾਲੇ ਰੈਡੀਅਮ ਦੇ ਪਟੇ ਵੀ ਵੰਡੇ ਗਏ, ਤਾਂ ਜੋ ਇਨ੍ਹਾਂ ਪਸ਼ੂਆਂ ਦਾ ਰਾਤ ਸਮੇਂ ਪਤਾ ਲੱਗ ਸਕੇ ਅਤੇ ਦੁਰਘਟਨਾ ਤੋਂ ਬਚਿਆ ਜਾ ਸਕੇ।