ਮਾਲੇਰਕੋਟਲਾ, 20 ਫਰਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਵਿੱਚ ਰਾਜ ਕਰਦੀ ਆਪ ਸਰਕਾਰ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ 15 ਮਹੀਨਿਆਂ ਦੌਰਾਨ ਹੀ ਪੰਜਾਬ ਦੇ ਕੁੱਲ 39 ਟੋਲ ਪਲਾਜ਼ਿਆਂ ਵਿੱਚੋਂ 10 ਟੋਲ ਪਲਾਜ਼ੇ ਸਦਾ ਲਈ ਬੰਦ ਕਰ ਦਿੱਤੇ ਹਨ ਅਤੇ ਹੁਣ ਬੀਤੇ ਇੱਕ ਹਫਤੇ ਦੌਰਾਨ 14 ਫਰਵਰੀ ਨੂੰ 3 ਹੋਰ ਟੋਲ ਪਲਾਜ਼ੇ ਵੀ ਬੰਦ ਕਰ ਦਿੱਤੇ ਗਏ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਸਪੋਕਸਮੈਨ ਨਾਲ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਪ੍ਰਾਪਤੀਆਂ ਸੰਬੰਧੀ ਗੱਲਬਾਤ ਕਰਦਿਆਂ ਇਹ ਵਿਚਾਰ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਅਤੇ ਭਾਈ ਗੁਰਦਾਸ ਗਰੁੱਪ ਆਫ ਐਜੂਕੇਸ਼ਨਲ ਇੰਸਟੀਟਿਊਟਸ ਦੇ ਚੇਅਰਮੈਨ ਡਾ.ਗੁਨਿੰਦਰਜੀਤ ਸਿੰਘ ਜਵੰਧਾ ਨੇ ਇੱਕ ਸਮਾਗਮ ਵਿੱਚ ਸਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਹਾਂ ਕਿਹਾ ਕਿ ਇਹ ਸਾਰੇ 13 ਟੋਲ ਪਲਾਜ਼ੇ ਬੰਦ ਕਰ ਕੇ ਸੂਬਾ ਸਰਕਾਰ ਨੇ ਲੋਕਾਂ ਦੀ ਦਸਾਂ ਨਹੁੰਆਂ ਦੀ ਕਿਰਤ ਅਤੇ ਖੂਨ ਪਸੀਨੇ ਦੀ ਕਮਾਈ ਦੇ ਅਰਬਾਂ ਰੁਪਏ ਸਲਾਨਾ ਦੇ ਵਜਦੇ ਡਾਕੇ ਸਦਾ ਲਈ ਬੰਦ ਕਰ ਦਿੱਤੇ ਗਏ ਹਨ। ਉਨਹਾਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚ ਇੱਕ ਵਿਲੱਖਣ ਪਿਰਤ ਪਾਉਂਦਿਆਂ ਪੰਜਾਬ ਦੇ ਸਮੁੱਚੇ ਘਰਾਂ ਵਿੱਚ ਬਿਜਲੀ ਦੀਆਂ 60 ਦਿਨਾਂ ਦੀਆਂ 600 ਯੂਨਿਟਾਂ ਮੁਆਫ ਕਰ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਜਿਸ ਨਾਲ ਸੂਬੇ ਦੇ ਲੱਖਾਂ ਘਰਾਂ ਵਿੱਚ ਖੁਸ਼ੀਆਂ ਖੇੜਿਆਂ ਦਾ ਮਾਹੌਲ ਹੈ। ਗੱਲਬਾਤ ਜਾਰੀ ਰਖਦਿਆਂ ਉਨਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਨੇ ਹਜ਼ਾਰਾਂ ਬੇਰੁਜ਼ਗਾਰ ਬੱਚੇ ਬੱਚੀਆਂ ਨੂੰ ਸਰਕਾਰੀ ਨੌਕਰੀਆਂ ਤੇ ਭਰਤੀ ਕਰ ਕੇ ਜੀਵਨਦਾਨ ਦਿੱਤਾ ਹੈ ਜਿਸ ਦੁਆਰਾ ਸਰਕਾਰੀ ਨੌਕਰੀਆਂ ਦੀ ਭਰਤੀ ਦੌਰਾਨ ਸਿਫਾਰਸ ਅਤੇ ਭ੍ਰਿਸ਼ਟਾਚਾਰ ਦੇ ਸੱਭਿਆਚਾਰ ਨੂੰ ਸਦਾ ਲਈ ਖਤਮ ਕਰ ਦਿੱਤਾ ਹੈ। ਉਨਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਨੇ ਸੂਬੇ ਦੀ ਜਨਤਾ ਦੀ ਸੇਵਾ ਲਈ ਪਿਛਲੇ ਦੋ ਸਾਲਾਂ ਦੌਰਾਨ ਅਨੇਕਾਂ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਸ ਨਾਲ ਪੰਜਾਬ ਅੰਦਰ ਵਸਦਾ ਹਰ ਬਜ਼ੁਰਗ, ਨੌਜਵਾਨ ਅਤੇ ਮਰਦ ਔਰਤਾਂ ਤੋਂ ਇਲਾਵਾ ਸਕੂਲ ਅਤੇ ਕਾਲਜ ਪੜਦੇ ਬੱਚੇ ਬੱਚੀਆਂ ਦੇ ਚਿਹਰਿਆਂ ਤੇ ਰੌਣਕ ਵੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਲੋਕ ਸਭਾ ਦੀ ਚੋਣ ਦੌਰਾਨ ਸੂਬੇ ਦੀ ਜਨਤਾ ਦੇ ਸਰਗਰਮ ਸਹਿਯੋਗ ਸਦਕਾ ਅਸੀਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤਾਂਗੇ ਅਤੇ ਫਰਵਰੀ 2027 ਦੌਰਾਨ ਪੰਜਾਬ ਅੰਦਰ ਮੁੜ੍ਹ ਆਪ ਸਰਕਾਰ ਸਥਾਪਤ ਕਰਾਂਗੇ ਅਤੇ ਪੰਜਾਬ ਦੇ ਵੋਟਰਾਂ ਦੀ ਪੂਰੇ ਦਸ ਸਾਲ ਲਗਾਤਾਰ ਸੇਵਾ ਕਰਦੇ ਰਹਾਂਗੇ।