ਅਮਰਗੜ੍ਹ/ਮਾਲੇਰਕੋਟਲਾ 06 ਅਪ੍ਰੈਲ (ਬਲਵਿੰਦਰ ਸਿੰਘ ਭੁੱਲਰ) : ਜਨਤਕ ਸਥਾਨਾਂ ਤੇ ਤੰਬਾਕੂ ਐਕਟ ਦੀ ਉਲੰਘਣਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਬਣਾਈਆਂ ਗਈਆਂ ਬਲਾਕ ਪੱਧਰੀ ਟੀਮਾਂ ਵੱਲੋਂ ਕੋਟਪਾ ਐਕਟ 2003 ਦੀ ਪਾਲਣਾ ਯਕੀਨੀ ਬਣਾਉਣ ਲਈ ਅਚਨਚੇਤ ਦੌਰੇ ਕੀਤੇ ਜਾਂਦੇ ਹਨ। ਇਸ ਦੇ ਤਹਿਤ ਅੱਜ ਬਲਾਕ ਅਮਰਗੜ੍ਹ ਦੀ ਟੀਮ ਵੱਲੋਂ ਵੀ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।ਸਿਹਤ ਬਲਾਕ ਅਮਰਗੜ੍ਹ ਦੇ ਨੋਡਲ ਅਧਿਕਾਰੀ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਸਰਕਾਰ ਵੱਲੋਂ ਤੰਬਾਕੂ ਪਦਾਰਥਾਂ ਦੀ ਜਨਤਕ ਸਥਾਨ ਤੇ ਮਨਾਹੀ ਹੈ। ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਦੀ ਅਗਵਾਈ ‘ਚ ਜਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ ਅਤੇ ਐਸਐਮਓ ਡਾ. ਰੀਤੂ ਸੇਠੀ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਿਹਤ ਬਲਾਕ ਅਮਰਗੜ੍ਹ ਦੀ ਟੀਮ ਵੱਲੋਂ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਾਰਾ ਸਾਲ ਹੀ ਤੰਬਾਕੂ ਵਿਰੋਧੀ ਗਤੀਵਿਧੀਆਂ ਜਿਵੇਂ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਅਧੀਨ ਚਲਾਨ ਕਰਨ ਤੋਂ ਇਲਾਵਾ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸ ਦੇ ਤਹਿਤ ਹੀ ਅੱਜ ਸਿਹਤ ਬਲਾਕ ਅਮਰਗੜ੍ਹ ਅਧੀਨ ਆਉਂਦੇ ਪਿੰਡ ਮੰਡੀਆਂ, ਬਦੇਸ਼ਾ, ਖਾਨਪੁਰ ਸਰੋਦ ਆਦਿ ਪਿੰਡਾਂ ‘ਚ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਰੇਲਗੱਡੀ, ਹੋਟਲ, ਸਿੱਖਿਆ ਸੰਸਥਾ ਆਦਿ ਵਿਚ ਤੰਬਾਕੂਨੋਸ਼ੀ ਨਹੀਂ ਕਰ ਸਕਦਾ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ। ਕਿਸੇ ਵੀ ਵਿੱਦਿਅਕ ਜਾਂ ਧਾਰਮਿਕ ਸੰਸਥਾ ਦੇ 100 ਮੀਟਰ ਦੇ ਦਾਇਰੇ ਅੰਦਰ ਨਾ ਤਾਂ ਤੰਬਾਕੂ ਉਤਪਾਦ ਵੇਚਿਆ ਜਾ ਸਕਦਾ ਹੈ ਨਾ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੰਬਾਕੂ ਉਤਪਾਦ ਨੂੰ ਉਤਸ਼ਾਹਿਤ ਕਰਨ ਵਾਲੇ ਵਿਿਗਆਪਨ ਨਹੀਂ ਦਿੱਤੇ ਜਾ ਸਕਦੇ। ਤੰਬਾਕੂ ਉਤਪਾਦ ਤੇ ਲਿਖਤੀ ਅਤੇ ਤਸਵੀਰ ਸਮੇਤ 85 ਫ਼ੀਸਦੀ ਚੇਤਾਵਨੀ ਛਾਪਣੀ ਲਾਜ਼ਮੀ ਹੈ। ਸਿਹਤ ਸੁਪਰਵਾਈਜ਼ਰਾਂ ਪਰਮਜੀਤ ਸਿੰਘ, ਨਿਰਭੈ ਸਿੰਘ, ਜਗਤਾਰ ਸਿੰਘ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਧੂੰਏਂ ਵਾਲਾ ਜਾਂ ਧੂੰਆਂ ਰਹਿਤ ਦੋਵੇਂ ਕਿਸਮ ਦਾ ਹੋ ਸਕਦਾ ਹੈ। ਬੀੜੀ, ਸਿਗਰਟ ਆਦਿ ਧੂੰਏ ਵਾਲਾ ਅਤੇ ਜ਼ਰਦਾ, ਖੈਨੀ ਆਦਿ ਧੂੰਆਂ ਰਹਿਤ ਤੰਬਾਕੂ ਦੀਆਂ ਕਿਸਮਾਂ ਹਨ। ਦੋਵੇਂ ਹੀ ਕਿਸਮ ਦਾ ਤੰਬਾਕੂ ਖਤਰਨਾਕ ਹੈ। ਤੰਬਾਕੂ ਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਇਸ ਲਈ ਤੰਬਾਕੂ ਦੇ ਸੇਵਨ ਤੋਂ ਸਾਨੂੰ ਗੁਰੇਜ਼ ਕਰਨ ਦੀ ਲੋੜ ਹੈ। ਇਸ ਸਮੇਂ ਟੀਮ ਦੇ ਮੈਂਬਰ ਗੁਰਧਿਆਨ ਸਿੰਘ, ਹਰਪ੍ਰੀਤ ਸਿੰਘ ਆਦਿ ਵੀ ਨਾਲ ਹਾਜ਼ਰ ਸਨ।