ਤੇਹਰਾਨ, ਈਰਾਨ ‘ਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ‘ਚ ਇਜ਼ਰਾਈਲੀ ਖੂਫੀਆ ਏਜੰਸੀ ‘ਮੌਸਾਦ’ ਲਈ ਕੰਮ ਕਰਨ ਵਾਲੇ 4 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਦੇਸ਼ ਦੀ ਨਿਆਂਪਾਲਿਕਾ ਦੇ ਹਵਾਲੇ ਨਾਲ ਉਕਤ ਜਾਣਕਾਰੀ ਦਿੱਤੀ। ਚਾਰਾਂ ਦੋਸ਼ੀਆਂ ਨੂੰ ਈਰਾਨੀ ਰੱਖਿਆ ਮੰਤਰਾਲੇ ਦੇ ਕਾਰਖਾਨੇ ‘ਚ ਤੋੜਭੰਨ੍ਹ ਕਰਨ ਦੇ ਆਪ੍ਰੇਸ਼ਨ ਤੋਂ ਕਈ ਦਿਨ ਪਹਿਲਾਂ ਜੁਲਾਈ 2022 ‘ਚ ਗ੍ਰਿਫਤਾਰ ਕੀਤਾ ਗਿਆ ਸੀ।ਸਤੰਬਰ 2023 ‘ਚ ਉਨ੍ਹਾਂ ਨੂੰ ਇਜ਼ਰਾਈਲ ਲਈ ਜਾਸੂਸੀ ਕਰਨ ਅਤੇ ਈਰਾਨ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਲਈ ਇਕ ਅੱਤਵਾਦੀ ਸਮੂਹ ਦੇ ਗਠਨ ਅਤੇ ਉਸ ਦੀ ਅਗਵਾਈ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਜੁਰਮ ‘ਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਫੈਸਲੇ ਨੂੰ ਇੱਕ ਅਪੀਲੀ ਅਦਾਲਤ ਨੇ ਬਰਕਰਾਰ ਰੱਖਿਆ। ਈਰਾਨ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੰਦਾ ਹੈ ਅਤੇ ਯਹੂਦੀ ਸੂਬੇ ‘ਤੇ ਤੋੜਭੰਨ੍ਹ ਦੇ ਦੋਸ਼ ਲਗਾਉਂਦਾ ਹੈ। ਦਸੰਬਰ 2023 ‘ਚ ਵੀ ਮੌਸਾਦ ਨਾਲ ਸਬੰਧ ਰੱਖਣ ਦੇ ਦੋਸ਼ ‘ਚ 5 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।