ਏਸ਼ਿਆਈ ਖੇਡਾਂ ਦੇ ਚੈਂਪੀਅਨ ਅਤੇ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਭਾਰਤ ਨੂੰ ਇਸ ਸਾਲ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੂੰ ਮੁਸ਼ਕਲ ‘ਪੂਲ ਬੀ’ ਵਿੱਚ ਰੱਖਿਆ ਗਿਆ ਹੈ। ਅੱਠ ਵਾਰ ਦੇ ਚੈਂਪੀਅਨ ਭਾਰਤ ਨੇ ਟੋਕੀਓ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਓਲੰਪਿਕ ਵਿੱਚ 41 ਸਾਲਾਂ ਦੇ ਤਗ਼ਮੇ ਦੇ ਸੋਕੇ ਨੂੰ ਖ਼ਤਮ ਕੀਤਾ ਸੀ। ਭਾਰਤ ਨਾਲ ਪੂਲ ‘ਬੀ’ ਵਿੱਚ ਓਲੰਪਿਕ ਚੈਂਪੀਅਨ ਅਤੇ ਦੁਨੀਆ ‘ਚ ਦੂਜੇ ਸਥਾਨ ਦੀ ਟੀਮ ਬੈਲਜੀਅਮ, ਆਸਟਰੇਲੀਆ, ਰੀਓ ਖੇਡਾਂ ਵਿੱਚ ਸੋਨ ਤਗਮਾ ਜੇਤੂ ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਸ਼ਾਮਲ ਹਨ। ਭਾਰਤ ਇਸ ਸਮੇਂ ਬੈਲਜੀਅਮ ਅਤੇ ਨੈਦਰਲੈਂਡਜ਼ ਤੋਂ ਬਾਅਦ ਵਿਸ਼ਵ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਹੈ। ਇਸ ਦੌਰਾਨ ਪੂਲ ‘ਏ’ ਵਿੱਚ ਨੈਦਰਲੈਂਡਜ਼, ਜਰਮਨੀ, ਗ੍ਰੇਟ ਬ੍ਰਿਟੇਨ, ਸਪੇਨ, ਫਰਾਂਸ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਹਾਕੀ ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਪੂਰਾ ਹੋਣ ਤੋਂ ਬਾਅਦ ਪੁਰਸ਼ ਅਤੇ ਮਹਿਲਾ ਹਾਕੀ ਮੁਕਾਬਲਿਆਂ ਦੇ ਪੂਲ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਂਚੀ ਕੁਆਲੀਫਾਇਰਜ਼ ਵਿੱਚ ਚੌਥੇ ਸਥਾਨ ‘ਤੇ ਰਹਿਣ ਮਗਰੋਂ ਭਾਰਤੀ ਮਹਿਲਾ ਟੀਮ ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ।