ਮਾਲੇਰਕੋਟਲਾ,21 ਜਨਵਰੀ (ਬਲਵਿੰਦਰ ਸਿੰਘ ਭੁੱਲਰ) : ਕੈਨੇਡਾ ਇਸ ਵਕਤ ਹੁਣ ਘਰ ਫੂਕ ਤਮਾਸ਼ਾ ਬਣਦਾ ਜਾ ਰਿਹਾ ਹੈ ਕਿਉਂਕਿ ਉਚੇਰੀ ਸਿੱਖਿਆ ਗ੍ਰਹਿਣ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਬੱਚਿਆਂ ਨੂੰ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਉੱਥੇ ਬੱਚਿਆਂ ਨੂੰ ਨਿੱਤ ਦਿਨ ਵਧ ਰਹੀ ਮਹਿੰਗਾਈ ਨੇ ਵੀ ਅਨੇਕਾਂ ਪ੍ਰੇਸ਼ਾਨੀਆਂ ਵਿੱਚ ਪਾ ਦਿੱਤਾ ਹੈ।ਸਭ ਤੋਂ ਪਹਿਲਾਂ ਅਗਰ ਘਰ ਦੀ ਰਸੋਈ ਵਿੱਚ ਨਿੱਤ ਵਰਤੋਂ ਦੀ ਗਰੌਸਰੀ ਦੀ ਗੱਲ ਕੀਤੀ ਜਾਵੇ ਤਾਂ ਕੁਝ ਮਹੀਨੇ ਪਹਿਲਾਂ 100 ਕੈਨੇਡੀਅਨ ਡਾਲਰਾਂ ਵਿੱਚ ਮਿਲਣ ਵਾਲੀ ਗਰੌਸਰੀ ਦਾ ਰੇਟ ਹੁਣ ਵਧ ਕੇ ਤਕਰੀਬਨ 250 ਕੈਨੇਡੀਅਨ ਡਾਲਰ ਹੋ ਚੁੱਕਾ ਹੈ। ਦੂਸਰਾ, ਕੈਨੇਡਾ ਸਰਕਾਰ ਨਿੱਤ ਨਵੀਆਂ ਕਾਨੂੰਨੀ ਬੰਦਿਸ਼ਾਂ ਲਗਾ ਰਹੀ ਹੈ ਅਤੇ ਨਿੱਤ ਨਵੇਂ ਕਾਨੂੰਨ ਬਣਾ ਰਹੀ ਹੈ ਜਿਸ ਦੇ ਚਲਦਿਆਂ ਕੈਨੇਡਾ ਗਏ ਬੱਚਿਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕੈਨੇਡਾ ਪਹੁੰਚ ਕੇ ਕੰਮ ਕਰਨ ਅਤੇ ਡਾਲਰ ਕਮਾਉਣ ਦਾ ਸੁਪਨਾ ਵੇਖਣ ਵਾਲੇ ਮਾਪੇ ਅਤੇ ਉਨ੍ਹਾਂ ਦੇ ਬੱਚੇ ਇਨ੍ਹਾਂ ਗੱਲਾਂ ਦਾ ਵਿਸ਼ਲੇਸਣ ਗੰਭੀਰਤਾ ਨਾਲ ਕਰਨ ਕਿਉਂਕਿ ਭਾਰਤ ਵਾਂਗ ਮਹਿੰਗਾਈ ਉੱਥੇ ਵੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸਥਾਂਨਕ ਸਰਕਾਰਾਂ ਵਲੋਂ ਆਵਾਸ ਪ੍ਰਵਾਸ ਨਾਲ ਸਬੰਧਤ ਕਈ ਮਸਲੇ ਅਤੇ ਮੁੱਦੇ ਵੀ ਜਾਣ ਬੁੱਝ ਕੇ ਉਭਾਰੇ ਜਾ ਰਹੇ ਹਨ। ਬੱਚਿਆਂ ਦੀ ਵਿੱਦਿਆ ਲਗਾਤਾਰ ਮਹਿੰਗੀ ਕੀਤੀ ਜਾ ਰਹੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਕੈਨੇਡਾ ਸਰਕਾਰ ਆਪਣੇ ਦੇਸ਼ ਵਿੱਚ ਸਿਰਫ ਵਾਧੂ ਰਕਮਾਂ ਖਰਚ ਕਰਨ ਵਾਲੇ ਅਮੀਰ ਵਰਗ ਨੂੰ ਹੀ ਬੁਲਾਉਣਾ ਚਾਹੁੰਦੀ ਹੈ। ਕੈਨੇਡਾ ਵਿਖੇ ਸਿਰਫ ਉਹ ਬੱਚੇ ਹੀ ਖੁਸ਼ ਹਨ ਜਿਹੜੇ ਲੋੜ੍ਹ ਨਾਲੋਂ ਵੱਧ ਅਮੀਰ ਮਾਪਿਆਂ ਦੀ ਔਲਾਦ ਹਨ ਜਾਂ ਉਹ ਖੁਸ਼ ਹਨ ਜਿਨ੍ਹਾਂ ਦੇ ਮੰਤਰੀ ਅਤੇ ਅਫਸਰ ਮਾਪਿਆਂ ਨੇ ਆਪਣੀ ਰਾਜਨੀਤਕ ਪਾਰੀ ਜਾਂ ਸਰਕਾਰੀ ਨੌਕਰੀ ਦੌਰਾਨ ਰਿਸ਼ਵਤ ਦਾ ਪੈਸਾ ਫਹੁੜਿਆਂ ਨਾਲ ਇਕੱਠਾ ਕੀਤਾ ਹੈ ਅਤੇ ਵਿਦੇਸ਼ੀ ਬੈਂਕਾਂ ਵਿੱਚ ਜਮਾਂ ਕਰਵਾਇਆ ਹੈ।ਇਸੇ ਤਰਾਂ੍ਹ ਕੈਨੇਡਾ ਵਿਖੇ ਹਰ ਵਿਅਕਤੀ ਕਿਰਤ ਕਰਨ ਨੂੰ ਤਰਜੀਹ ਦੇ ਰਿਹਾ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਅਸਲ ਵਿੱਚ ਕੈਨੇਡਾ ਸਰਕਾਰ ਹੀ ਹੈ ਜਿਸ ਨੇ ਹੀ ਬਾਬੇ ਨਾਨਕ ਦੀ ਫਿਲਾਸਫੀ ਨੂੰ ਅਸਲ ਮਾਅਨਿਆਂ ਵਿੱਚ ਅਡੌਪਟ ਕੀਤਾ ਹੈ ਅਤੇ ਕਿਰਤ ਦੀ ਕਦਰ ਕੀਤੀ ਹੈ। ਬਾਕੀ ਅੱਜ ਦੇ ਹਾਲਾਤਾਂ ਅਨੁਸਾਰ ਕੈਨੇਡਾ ਜਾਣ ਵਾਲੇ ਬੱਚੇ ਆਪਣੇ ਮਾਪਿਆਂ ਨਾਲ ਬੈਠ ਕੇ ਦੋ ਤਿੰਨ ਵਾਰ ਸਲਾਹ ਮਸ਼ਵਰਾ ਜਰੂਰ ਕਰਨ ਕਿ ਕੈਨੇਡਾ ਪ੍ਰਵਾਸ ਕਰਨ ਦੇ ਕੀ ਲਾਭ ਅਤੇ ਕੀ ਹਾਨੀਆਂ ਹਨ ਕਿਉਂਕਿ ਮੌਜੂਦਾ ਸਮੇਂ ਵਿੱਚ ਇਹ ਮੁੱਦਾ ਨਿਰੋਲ ਵੱਡੀਆ ਰਕਮਾਂ ਦੀ ਖੇਡ ਹੈ ਜਿਸ ਨੂੰ ਸਿਰਫ ਮੋਟੇ ਪੈਸੇ ਵਾਲੇ ਹੀ ਚੰਗੀ ਤਰਾਂ੍ਹ ਖੇਡ ਸਕਦੇ ਹਨ।