ਸੂਬੇ ਦੇ ਕਿਸਾਨ ਪੰਜਾਬ ਦੀਆਂ ਵੱਖ ਵੱਖ ਕਿਸਾਨ ਯੂਨੀਅਨਾਂ ਦਾ ਖਹਿੜਾ ਛੱਡ ਕੇ ਟਰੱਕ ਯੂਨੀਅਨਾਂ ਦੇ ਆਗੂਆਂ ਦੇ ਪਿੱਛੇ ਲੱਗ ਜਾਣ ਦੇ ਚੱਲੇ ਚਰਚੇ
ਦਿੱਲੀ ਮੋਰਚੇ ਦੇ ਮੱਦਦ ਵਜੋਂ ਆਏ ਕਰੋੜਾਂ੍ਹ ਵਿੱਚੋਂ ਸਿਰਫ ੧੦ ਫੀ ਸਦੀ ਹੀ ਖਰਚਿਆ ਗਿਆ, ਜਦ ਕਿ ਬਾਕੀ ਬਚਦੀ ੯੦ ਫੀ ਸਦੀ ਰਕਮ ਕੋਈ ਹਿਸਾਬ ਨਹੀਂ
ਮਾਲੇਰਕੋਟਲਾ, ੪ ਜਨਵਰੀ (ਬਲਵਿੰਦਰ ਸਿੰਘ ਭੁੱਲਰ) :‘ਹਿੱਟ ਐਂਡ ਰਨ’ ਨਾਲ ਸਬੰਧ ਰਖਦੇ ਭਾਰਤ ਸਰਕਾਰ ਦੇ ਨਵੇਂ ਸੜਕੀ ਆਵਾਜਾਈ ਕਾਨੂੰਨਾਂ ਖਿਲਾਫ ਦੇਸ਼ ਦੀਆਂ ਸਮੁੱਚੀਆਂ ਟਰਾਂਸਪੋਰਟਾਂ ਅਤੇ ਟਰੱਕ ਯੂਨੀਅਨਾਂ ਇੱਕਜੁੱਟ ਨਜ਼ਰ ਆਈਆਂ ਜਿਨ੍ਹਾਂ ਸੜਕੀ ਆਵਾਜਾਈ ਨੂੰ ਸਿਰਫ ੨੪ ਘੰਟੇ ਰੋਕ ਕੇ ਸਮੁੱਚੀ ਭਾਰਤ ਸਰਕਾਰ ਦੀਆਂ ਜੜਾਂ ਹਿਲਾ ਦਿੱਤੀਆਂ। ਪੂਰੀ ਗਿਣੀ ਮਿੱਥੀ ਰਣਨੀਤੀ ਅਤੇ ਲਾਮਬੰਦੀ ਨਾਲ ਸਭ ਤੋਂ ਪਹਿਲਾਂ ਟਰੱਕਾਂ ਵਾਲਿਆਂ ਨੇ ਬਠਿੰਡਾਂ ਦੀ ਰਿਫਾਈਨਰੀ ਅਤੇ ਸੰਗਰੂਰ ਦੇ ਵੱਡੇ ਤੇਲ ਡਿੱਪੂਆਂ ਤੋਂ ਤੇਲ ਚੁੱਕਣਾ ਬੰਦ ਕੀਤਾ ਜਿਸ ਨਾਲ ਸਮੁੱਚੇ ਉੱਤਰੀ ਭਾਰਤ ਦੇ ਚਾਰ ਪੰਜ ਸੂਬਿਆਂ ਅੰਦਰ ਹਾਹਾਕਾਰ ਮੱਚ ਗਈ ਅਤੇ ਲੋਕ ਆਪਣੇ ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ ਅਤੇ ਮੋਟਰਕਾਰਾਂ ਵਾਸਤੇ ਤੇਲ ਲੈਣ ਲਈ ਮਾਰੇ ਮਾਰੇ ਫਿਰਨ ਲੱਗ ਪਏ। ਇਹੀ ਹਾਲ ਦੇਸ਼ ਦੇ ਬਾਕੀ ਸੂਬਿਆਂ ਅੰਦਰ ਵੀ ਹੋਇਆ ਜਿੱਥੇ ਟਰਾਂਸਪੋਰਟਰਾਂ ਨੇ ਚੱਕਾ ਜਾਮ ਕਰ ਕੇ ਸਮੇਂ ਦੀ ਹਾਕਮ ਭਾਜਪਾ ਸਰਕਾਰ ਨੂੰ ਵਕਤ ਪਾ ਦਿੱਤਾ ਅਤੇ ਉਹ ੨੪ ਘੰਟਿਆਂ ਦੌਰਾਨ ਹੀ ਗੱਲਬਾਤ ਦੀ ਮੇਜ਼ ਤੇ ਆ ਗਏ । ਇਸ ਤੋਂ ਭਲੀ ਭਾਂਤ ਪਤਾ ਚਲਦਾ ਹੈ ਕਿ ਏਕੇ ਵਿੱਚ ਕਿੰਨੀ ਕੁ ਬਰਕਤ ਅਤੇ ਕਿੰਨੀ ਕੁ ਤਾਕਤ ਹੈ। ਇਸੇ ਤਰਜ਼ ਤੇ ਬੀਤੇ ਸਾਲ ਦੌਰਾਨ ਪੰਜਾਬ ਦੀਆ ੩੨ ਅਤੇ ਬਾਕੀ ਦੇਸ਼ ਦੀਆਂ ਤਕਰੀਬਨ ੯ ਵੱਖ ਵੱਖ ਕਿਸਾਨ ਯੂਨੀਅਨਾਂ ਨੂੰ ਜੋੜ੍ਹ ਕੇ ੪੧ ਕਿਸਾਨ ਯੂਨੀਅਨਾਂ ਨੇ ਕਿਸਾਨ ਅਤੇ ਕਿਸਾਨੀ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪੂਰਾ ਇੱਕ ਸਾਲ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰੀਂ ਰੱਖਿਆ ਪਰ ਕੇਂਦਰ ਵਿੱਚ ਰਾਜ ਕਰਦੀ ਦਿੱਲੀ ਦੀ ਭਾਜਪਾ ਸਰਕਾਰ ਟੱਸ ਤੋਂ ਮੱਸ ਨਾ ਹੋਈ ਅਤੇ ਕਈ ਲੱਖ ਕਿਸਾਨਾਂ ਨੂੰ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਇੱਕ ਸਾਲ ਬਿਤਾਉਣ ਤੋਂ ਬਾਅਦ ਬੇਰੰਗ ਵਾਪਸ ਆਪੋ ਆਪਣੇ ਘਰਾਂ ਨੂੰ ਪਰਤਣਾ ਪਿਆ ਜਦ ਕਿ ਦਿੱਲੀ ਦੇ ਇਸ ਘਿਰਾਉ ਦੌਰਾਨ ਤਕਰੀਬਨ ੬੦੦ ਕਿਸਾਨ ਅਣਆਈ ਮੌਤ ਮਾਰੇ ਵੀ ਗਏ। ਇਨ੍ਹਾਂ ਦੋਵਾਂ ਘਟਨਾਵਾਂ ਦੇ ਜ਼ਿਕਰ ਤੋਂ ਪਤਾ ਚਲਦਾ ਹੈ ਕਿ ਟਰੱਕ ਡਰਾਈਵਰਾਂ ਅਤੇ ਕਿਸਾਨ ਜਥੇਬੰਦੀਆਂ, ਦੋਵਾਂ ਵਿੱਚੋਂ ਕੌਣ ਵਧੇਰੇ ਤਾਕਤਵਰ ਹੈ ਅਤੇ ਸਰਕਾਰ ਦੇ ਨੱਕ ਵਿੱਚ ਦਮ ਕਿਸ ਨੇ ਕੀਤਾ। ਉਕਤ ਦੋਵਾਂ ਜਥੇਬੰਦੀਆਂ ਦੇ ਮੁਲਾਂਕਣ ਤੋਂ ਬਾਅਦ ਇਹ ਗੱਲ ਸਮਝਣ ਨੂੰ ਦੇਰ ਨਹੀਂ ਲਗਦੀ ਕਿ ਟਰੱਕਾਂ ਵਾਲੇ ਕਿਸਾਨ ਯੂਨੀਅਨਾਂ ਨਾਲੋਂ ਵਧੇਰੇ ਤਾਕਤਵਰ, ਵਧੇਰੇ ਅਸਰਅੰਦਾਜ਼ ਅਤੇ ਵਧੇਰੇ ਜਥੇਬੰਦ ਹਨ ਜਿਨ੍ਹਾਂ ਲੋਕਾਂ ਦਾ ਇੱਕ ਵੀ ਪੈਸੇ ਦਾ ਨੁਕਸਾਨ ਕੀਤੇ ਬਗੈਰ ਦਿੱਲੀ ਸਰਕਾਰ ਨੂੰ ਗੋਡਿਆਂ ਪਰਨੇ ਪੈਣ ਲਈ ਮਜਬੂਰ ਕਰ ਦਿੱਤਾ ਜਦ ਕਿ ਪੰਜਾਬ ਦੀਆਂ ੩੨ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਵਿਦੇਸ਼ ਵਸਦੇ ਪੰਜਾਬੀਆਂ ਵਲੋਂ ਭੇਜੇ ਗਏ ਕਰੋੜਾਂ੍ਹ ਅਰਬਾਂ ਰੁਪਏ ਦੀ ਫੰਡਿਗ ਕੀਤੀ ਗਈ ਜਿਹੜਾ ਪੈਸਾ ਪੂਰੀ ਤਰਾਂ੍ਹ ਵਿਅਰਥ ਚਲਾ ਗਿਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਰੇ ਪੈਸੇ ਵਿੱਚੋਂ ਸਿਰਫ ੧੦ ਫੀ ਸਦੀ ਪੈਸਾ ਹੀ ਕਿਸਾਨ ਅੰਦੋਲਨ ਤੇ ਖਰਚਿਆ ਗਿਆ ਜਦ ਕਿ ੯੦ ਫੀ ਸਦੀ ਰਕਮ ਚੰਦ ਵੱਡੇ ਛੋਟੇ ਕਿਸਾਨ ਆਗੂਆਂ ਦੇ ਢਿੱਡ ਵਿੱਚ ਪੈ ਗਈ ਜਿਨ੍ਹਾਂ ਬਾਹਰੋਂ ਆਈ ਇਸ ਰਕਮ ਨਾਲ ਵੱਡੀਆਂ ਵੱਡੀਆਂ ਗੱਡੀਆਂ ਹੀ ਨਹੀਂ ਖ੍ਰੀਦੀਆਂ ਬਲਕਿ ਜ਼ਮੀਨਾਂ ਜਾਇਦਾਦਾਂ, ਪਲਾਟਾਂ ਅਤੇ ਦੁਕਾਨਾਂ ਦੇ ਸੌਦੇ ਵੀ ਕੀਤੇ ਗਏ। ਬਾਹਰਲੇ ਦੇਸ਼ਾਂ ਵਿੱਚੋਂ ਇਮਦਾਦ ਵਜ਼ੋਂ ਆਈ ਅਰਬਾਂ ਖਰਬਾਂ ਦੀ ਇਸ ਰਕਮ ਨੂੰ ਕਿਸ ਤਰਾਂ੍ਹ ਖੁਰਦ ਬੁਰਦ ਕੀਤਾ ਗਿਆ ਇਹ ਕਾਂਡ ਕਿਸੇ ਤੋਂ ਵੀ ਲੁਕਿਆ ਛਿਪਿਆ ਨਹੀਂ ਅਤੇ ਇਹੀ ਕਾਰਨ ਦਿੱਲੀ ਦੇ ਕਿਸਾਨ ਮੋਰਚੇ ਦੇ ਫਲਾਪ ਹੋਣ ਦਾ ਕਾਰਨ ਬਣਿਆ। ਦਿੱਲੀ ਤੋਂ ਵਾਪਸ ਆਏ ਹਜ਼ਾਰਾਂ ਕਿਸਾਨ ਆਗੂਆਂ ਤੇ ਹੁਣ ਤੱਕ ਦੋਸ਼ ਲਗਦਾ ਆ ਰਿਹਾ ਹੈ ਕਿ ਉਨ੍ਹਾਂ ਬਾਹਰਲੇ ਪੈਸੇ ਨੂੰ ਆਪਣੇ ਨਿੱਜੀ ਸਵਾਰਥਾਂ ਅਤੇ ਲਾਲਚਾਂ ਦੀ ਪੂਰਤੀ ਲਈ ਖਰਚਿਆ। ਹੁਣ ਚਾਹੀਦਾ ਇਹ ਹੈ ਕਿ ਅਗਰ ਪੰਜਾਬ ਦੇ ਕਿਸਾਨ ਦਿੱਲੀ ਸਰਕਾਰ ਪਾਸੋਂ ਆਪਣੀਆਂ ਮੰਗਾਂ ਮਨਵਾਉਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਦੀਆਂ ਵੱਖ ਵੱਖ ਕਿਸਾਨ ਯੂਨੀਅਨਾਂ ਦਾ ਖਹਿੜਾ ਛੱਡ ਕੇ ਟਰੱਕ ਯੂਨੀਅਨਾਂ ਦੇ ਆਗੂਆਂ ਦੇ ਪਿੱਛੇ ਲੱਗ ਜਾਣ ਜਿਨ੍ਹਾਂ ਆਪਣੇ ਤਕੜੇ ਦਮ ਦੇ ਬਲ ਤੇ ਕੇਂਦਰ ਸਰਕਾਰ ਨੂੰ ੨੪ ਘੰਟਿਆਂ ਦੇ ਅੰਦਰ ਅੰਦਰ ਹੀ ਧੂਲ ਚੱਟਣ ਲਈ ਮਜਬੂਰ ਕਰ ਦਿੱਤਾ। ਕਿਸਾਨ ਯੂਨੀਅਨਾਂ ਵਲੋਂ ਅਗਲੇ ਮਹੀਨੇ ਫਰਵਰੀ ੨੦੨੪ ਦੌਰਾਨ ਦਿੱਲੀ ਨੂੰ ਦੁਬਾਰਾ ਚਾਲੇ ਪਾਉਣ ਤੋਂ ਪਹਿਲਾਂ ਸੂਬੇ ਦੇ ਸਮਝਦਾਰ ਕਿਸਾਨਾਂ ਨੂੰ ਕਈ ਵਾਰ ਸੋਚਣਾ ਚਾਹੀਦਾ ਹੈ ਕਿ ਦਿੱਲੀ ਜਾਣਾ ਵੀ ਹੈ ਕਿ ਨਹੀਂ?