ਮਾਲੇਰਕੋਟਲਾ, 28 ਮਾਰਚ (ਬਲਵਿੰਦਰ ਸਿੰਘ ਭੁੱਲਰ) : ਦੁਨੀਆਂ ਦੇ ਸਭ ਤੋਂ ਵੱਡੇ ਲੋਕ ਰਾਜ ਦੇ ਤੌਰ ਤੇ ਪ੍ਰਚਾਰੇ ਜਾ ਰਹੇ ਸਾਡੇ ਦੇਸ਼ ਭਾਰਤ ਅੰਦਰ ਲੋਕ ਸਭਾ ਦੀਆਂ ਚੋਣਾਂ ਦੀ ਰੁੱਤ ਬਿੱਲਕੁੱਲ ਸਿਰ ਤੇ ਆ ਗਈ ਹੈ ਅਤੇ ਦੇਸ਼ ਅੰਦਰ ਚੋਣ ਜਾਬਤਾ ਵੀ ਲਾਗੂ ਹੋ ਗਿਆ ਹੈ ਜਿਸ ਦੇ ਚਲਦਿਆਂ ਦਲ ਬਦਲੀਆਂ ਦਾ ਰੁਝਾਨ ਵੀ ਲਗਾਤਾਰ ਸ਼ਿਖਰਾਂ ਵਲ ਵਧ ਰਿਹਾ ਹੈ।ਭਾਵੇਂ ਕਿ ਇਹ ਕਹਾਵਤ ਮਸਹੂਰ ਹੈ ਕਿ ਨੌਂ ਸੌਹ ਚੂਹਾ ਖਾਹ ਕੇ ਬਿਲੀ ਹੱਜ ਨੂੰ ਚੱਲੀ ਪਰ ਸਿਆਸੀ ਲੀਡਰ ਸਭ ਕੁੱਝ ਖਾਕੇ ਕਿੱਧਰ ਨੰੁ ਚੱਲੇ ਇਹ ਸਮਝ ਨਹੀਂ ਆ ਰਿਹਾ ਜਿਵੇਂ ਸਾਲ 2024 ਦੌਰਾਨ ਭਾਰਤ ਵਿੱਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ ਵਿੱਚ ਰਖਦਿਆਂ ਸਿਆਂਸੀ ਆਗੂਆਂ ਨੇ ਦਲ ਬਦਲੀਆਂ ਦਾ ਦੌਰ ਜਨਵਰੀ 2024 ਤੋਂ ਹੀ ਆਰੰਭ ਕਰ ਦਿੱਤਾ ਸੀ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਦਲ ਬਦਲੀਆਂ ਕਰਨ ਵਾਲੇ ਮੌਕਾਪ੍ਰਸਤਾਂ ਦੀ ਗਿਣਤੀ ਹੁਣ ਤੱਕ ਤਕਰੀਬਨ ਇੱਕ ਸੈਂਕੜਾ ਪਾਰ ਹੋ ਚੁੱਕੀ ਹੈ। ਦੇਸ਼ ਦਾ ਇੱਕ ਵੀ ਸੂਬਾ ਅਜਿਹਾ ਨਹੀਂ ਜਿਸ ਵਿੱਚ ਕਿਸੇ ਐਮਐਲਏ ਜਾਂ ਐਮਪੀ ਨੇ ਦਲ ਬਦਲੀ ਨਾ ਕੀਤੀ ਹੋਵੇ। ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਵੋਟਰ ਆਪਣੀ ਵੋਟ ਪੋਲ ਕਰਨ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੇ ਆਗੂ ਨੂੰ ਆਪਣੇ ਢਿੱਡ ਦੀ ਗੱਲ ਨਹੀਂ ਦਸਦਾ ਪਰ ਸਿਆਸੀ ਪਾਰਟੀਆਂ ਦੇ ਲੀਡਰਾਂ ਵਿੱਚ ਤਾਂ ਇੰਨਾ ਜਿਆਦਾ ਨਿਘਾਰ ਆ ਗਿਆ ਕਿ ਉਹ ਦਲ ਬਦਲੀਆਂ ਕਰਨ ਵੇਲੇ ਸਿਰਫ ਆਪਣੇ ਅਤੇ ਪ੍ਰਵਾਰ ਦੇ ਨਿੱਜੀ ਹਿੱਤ ਵੇਖਦੇ ਹਨ ਜਦ ਕਿ ਆਪਣੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਜਾਂ ਜ਼ਜਬਾਤਾਂ ਦਾ ਉਹ ਉੱਕਾ ਹੀ ਧਿਆਨ ਨਹੀਂ ਰਖਦੇ। ਪਾਰਟੀਆਂ ਦੇ ਵਰਕਰਾਂ ਅਤੇ ਆਮ ਵੋਟਰਾਂ ਦਾ ਕਿਰਦਾਰ ਬਹੁਤ ਮਜਬੂਤ ਹੈ ਪਰ ਸਾਡੇ ਸਿਆਸੀ ਲੀਡਰਾਂ ਦੇ ਕਿਰਦਾਰਾਂ ਵਿੱਚ ਇਸ ਕਦਰ ਨਿਘਾਰ ਆ ਗਿਆ ਹੈ ਕਿ ਉਨ੍ਹਾਂ ਦੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ। ਪੰਜਾਬ ਅੰਦਰ ਬੀਤੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ, ਸੁਨੀਲ ਕੁਮਾਰ ਜਾਖੜ੍ਹ, ਮਨਪ੍ਰੀਤ ਸਿੰਘ ਬਾਦਲ ਵਗੈਰਾ ਨੇ ਆਪੋ ਆਪਣੀਆ ਪਾਰਟੀਆਂ ਬਦਲੀਆਂ ਪਰ ਪੰਜਾਬ ਵਿੱਚ ਹੁਣੇ ਹੁਣੇ ਮਹਾਰਾਣੀ ਪ੍ਰਨੀਤ ਕੌਰ, ਡਾ.ਰਾਜ ਕੁਮਾਰ ਚੱਬੇਵਾਲ, ਗੁਰਪ੍ਰੀਤ ਸਿੰਘ ਜੀ.ਪੀ, ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਸ਼ੁਸੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀਂ ਤੋਂ ਆਪ ਦੇ ਮੌਜੂਦਾ ਵਿਧਾਇਕ ਸ਼ੀਤਲ ਅੰਗੂਰਾਲ ਅਤੇ ਰਵਨੀਤ ਸਿੰਘ ਬਿੱਟੂ ਵੀ ਦਲ ਬਦਲੀ ਕਰ ਚੁੱਕੇ ਹਨ ਜੋ ਕਿ ਇਨ੍ਹਾਂ ਸਾਰੇ ਸਿਆਸੀ ਆਗੂਆਂ ਲਈ ਚੱਪਣੀ ਵਿੱਚ ਨੱਕ ਡੁਬੋ ਕੇ ਮਰਨ ਵਾਲੀ ਗੱਲ ਹੈ ਪਰ ਇਹ ਲੋਕ ਆਮ ਪਬਲਿਕ ਦੀ ਨਜ਼ਰ ਵਿੱਚ ਬੇਹਿਯਾ ਅਤੇ ਬੇਸ਼ਰਮ ਲੋਕ ਹਨ ਜਿਹੜੇ ਆਪਣੀ ਕਿਰਦਾਰਕੁਸ਼ੀ ਖੁਦ ਆਪਣੇ ਹੱਥੀਂ ਕਰਦੇ ਹਨ। ਆਮ ਪਬਲਿਕ ਨੂੰ ਅਜਿਹੇ ਲੋਕਾਂ ਪਾਸੌਂ ਬਚਣ ਅਤੇ ਦੂਰੀ ਬਣਾ ਕੇ ਰੱਖਣ ਦੀ ਲੋੜ੍ਹ ਹੈ।