ਕਰਾਚੀ: ਸਾਬਕਾ ਕਪਤਾਨ ਤੇ ਚੋਣ ਕਮੇਟੀ ਦੇ ਸਾਬਕਾ ਮੁਖੀ ਇੰਜ਼ਮਾਮ ਉਲ ਹੱਕ ਨੇ ਪਿਛਲੇ ਸਾਲ ਭਾਰਤ ਵਿਚ ਹੋਏ ਵਨ ਡੇ ਵਿਸ਼ਵ ਕੱਪ ਵਿਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ. ਬੀ.) ਦੇ ਅਹੁਦੇ ਤੋਂ ਹਟੇ ਮੁਖੀ ਜਕਾ ਅਸ਼ਰਫ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੁਲਾਈ ਵਿਚ ਪੀ. ਸੀ. ਬੀ. ਦੇ ਸੰਚਾਲਨ ਲਈ ਅੰਤ੍ਰਿਮ ਮੈਨੇਜਮੈਂਟ ਕਮੇਟੀ ਦੇ ਮੁਖੀ ਬਣਾਏ ਗਏ ਜਕਾ ਨੇ ਕੁਝ ਦਿਨ ਪਹਿਲਾਂ ਹੀ ਕਮੇਟੀ ਦੀ ਇਕ ਮੀਟਿੰਗ ਵਿਚ ਐਲਾਨ ਕੀਤਾ ਸੀ ਕਿ ਉਹ ਮੁਖੀ ਤੇ ਬੋਰਡ ਦੇ ਮੈਂਬਰ ਦੇ ਰੂਪ ਵਿਚ ਅਸਤੀਫੇ ਦੇ ਰਿਹਾ ਹੈ।ਇੰਜ਼ਮਾਮ ਨੂੰ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ‘ਹਿੱਤਾਂ ਦੇ ਟਕਰਾਅ’ ਦੇ ਦੋਸ਼ਾਂ ਕਾਰਨ ਹਟਾ ਦਿੱਤਾ ਗਿਆ ਸੀ। ਉਸ ‘ਤੇ ਦੋਸ਼ ਸੀ ਕਿ ਉਸ ਦਾ ਪ੍ਰਬੰਧਨ ਬ੍ਰਿਟੇਨ ਸਥਿਤ ਕੰਪਨੀ ਵਲੋਂ ਕੀਤਾ ਜਾਂਦਾ ਹੈ ਜਿਹੜੀ ਕੁਝ ਸਰਗਰਮ ਖਿਡਾਰੀਆਂ ਦੇ ਵਪਾਰਕ ਹਿੱਤਾ ਨੂੰ ਵੀ ਦੇਖਦੀ ਹੈ। ਇੰਜ਼ਮਾਮ ਨੇ ਕਿਹਾ, “ਕੀ ਤੁਸੀਂ ਖਿਡਾਰੀਆਂ ਦੀ ਮਾਨਸਿਕਤਾ ਦੀ ਕਲਪਨਾ ਕਰ ਸਕਦੇ ਹੋ ਜਦੋਂ ਭਾਰਤ ਵਿਚ ਵਿਸ਼ਵ ਕੱਪ ਵਰਗੇ ਮਹੱਤਵਪੂਰਨ ਟੂਰਨਾਮੈਂਟ ਦੌਰਾਨ ਉਹ ਸੁਣਦੇ ਹਨ ਕਿ ਪੀ. ਸੀ. ਬੀ. ਮੁਖੀ ਕਹਿ ਰਿਹਾ ਹੈ ਕਿ ਟੀਮ ਦੀ ਚੋਣ ਬੋਰਡ ਵਲੋਂ ਨਹੀਂ ਸਗੋਂ ਕਪਤਾਨ ਤੇ ਮੁੱਖ ਚੋਣਕਾਰ ਵਲੋਂ ਕੀਤੀ ਗਈ ਹੈ?”ਇੰਜ਼ਮਾਮ ਵਿਸ਼ਵ ਕੱਪ ਵਿਚ ਪਾਕਿਸਤਾਨ ਦੇ ਕੁਝ ਮੈਚ ਹਾਰ ਜਾਣ ਤੋਂ ਬਾਅਦ ਜਕਾ ਦੇ ਨਿਰਦੇਸ਼ ‘ਤੇ ਪੀ. ਸੀ. ਬੀ. ਵਲੋਂ ਜਾਰੀ ਇਕ ਪ੍ਰੈੱਸ ਬਿਆਨ ਦਾ ਜ਼ਿਕਰ ਕਰ ਰਿਹਾ ਸੀ, ਜਿਸ ਵਿਚ ਚੁਣੀ ਟੀਮ ਦੇ ਬਾਰੇ ਵਿਚ ਕਿਸੇ ਵੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਨਾਲ ਪੱਲਾ ਝਾੜਿਆ ਗਿਆ ਸੀ ਤੇ ਸੰਕੇਤ ਦਿੱਤਾ ਗਿਆ ਸੀ ਕਿ ਕਪਤਾਨ ਬਾਬਰ ਆਜ਼ਮ ਨੂੰ ਟੂਰਨਾਮੈਂਟ ਤੋਂ ਬਾਅਦ ਬਰਖਾਸਤ ਕਰ ਦਿੱਤਾ ਜਾਵੇਗਾ। ਇੰਜ਼ਮਾਮ ਨੇ ਕਿਹਾ, “ਜ਼ਰਾ ਸੋਚੋ ਕਿ ਖਿਡਾਰੀਆਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੋਵੇਗਾ ਜਦੋਂ ਉਨ੍ਹਾਂ ਨੇ ਸੁਣਿਆ ਹੋਵੇਗਾ ਕਿ ਮੁੱਖ ਚੋਣਕਾਰ ਵਿਰੁੱਧ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।