ਅਮਰਗੜ੍ਹ, 24 ਮਾਰਚ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੀ ਸਰਵ ਪ੍ਰਸਿੱਧ ਸਿਆਸੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਇੱਕ ਮੋਹਰੀ ਪੰਥਕ ਪਾਰਟੀ ਸੀ ਜਿਹੜੀ ਪੰਜਾਬ ਅੰਦਰ ਲੰਬਾ ਸਮਾਂ ਰਾਜ ਕਰਦੀ ਰਹੀ ਹੈ ਅਤੇ ਹੁਣ ਤੱਕ ਇਹ ਪਾਰਟੀ ਸਮੁੱਚੇ ਪੰਜਾਬ ਦੀ ਆਨ,ਬਾਨ ਅਤੇ ਸ਼ਾਨ ਵੀ ਰਹੀ ਹੈ ਪਰ ਅਫਸੋਸ ਹੈ ਕਿ ਸੂਬੇ ਦੀ ਇਹ ਵੱਡੀ ਸਿਆਸੀ ਪਾਰਟੀ ਆਪਣੇ ਆਗੂਆਂ ਵਿਚਕਾਰ ਵਜੂਦ ਅਤੇ ਚੌਧਰਾਂ ਦੀ ਲੜਾਈ ਲੜਦਿਆਂ ਕਈ ਹਿੱਸਿਆਂ ਵਿੱਚ ਵੰਡੀ ਗਈ ਜਿਸ ਕਾਰਨ ਇਸ ਪਾਰਟੀ ਦੇ ਵਰਕਰ ਵੀ ਵੱਖ ਵੱਖ ਸਿਆਸੀ ਦਿਸ਼ਾਵਾਂ ਵਿੱਚ ਬਿਖਰ ਗਏ ਜਿਸ ਦੇ ਚਲਦਿਆਂ ਇਹ ਪੰਥਕ ਪਾਰਟੀ ਜਿੱਥੇ ਆਪਣੇ ਵਰਕਰਾਂ ਨੂੰ ਬਣਦਾ ਇੱਜਤ ਮਾਣ ਨਾ ਦੇ ਸਕੀ ਉੱਥੇ ਆਦਰ ਅਤੇ ਸਤਿਕਾਰ ਦੀ ਘਾਟ ਕਾਰਨ ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਭਾਲਣ ਤੋਂ ਵੀ ਅਸਮਰਥ ਹੋ ਗਈ। ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਵਿਚਾਰ ਸ਼ਰੋਮਣੀ ਅਕਾਲੀ ਦਲ ਦੇ ਸਿਰਕੱਢ ਵਰਕਰ ਰਹੇ ਸ.ਜਗਤਾਰ ਸਿੰਘ ਢੀਂਡਸਾ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਅਜਿਹਾ ਸਭ ਕੁਝ ਸਮੁੱਚੇ ਪੰਜਾਬ ਅੰਦਰ ਵਾਪਰ ਚੁੱਕਿਆ ਹੈ ਪਰ ਜਿਲ੍ਹਾ ਸੰਗਰੂਰ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਇਸ ਦੀ ਸ਼ਿੱਦਤ ਅਤੇ ਅਸਰ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ਨਾਲੋਂ ਵਧੇਰੇ ਵੇਖਿਆ ਗਿਆ ਜਿਸ ਕਾਰਨ ਜਿਲ੍ਹਾ ਸੰਗਰੂਰ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਵੀ ਪਿਆ ਕਿਉਂਕਿ ਪਾਰਟੀ ਦੀ ਮੁੱਖ ਧਾਰਾ ਨਾਲੋਂ ਲੰਬਾ ਸਮਾਂ ਟੁੱਟੇ ਰਹੇ ਬਹੁਤ ਸਾਰੇ ਸਮਰਪਤ ਅਕਾਲੀ ਵਰਕਰ ਇਸ ਪਾਰਟੀ ਨੂੰ ਸਦਾ ਲਈ ਅਲਵਿਦਾ ਵੀ ਕਹਿ ਗਏ।ਪਿਛਲੇ ਕਾਫੀ ਸਮੇਂ ਤੋਂ ਸ਼੍ਰੌਮਣੀ ਅਕਾਲੀ ਦਲ ਦੇ ਲਗਾਤਾਰ ਨਿਘਾਰ ਵਲ ਜਾਣ ਦਾ ਸਭ ਤੋਂ ਵੱਡਾ ਅਤੇ ਪ੍ਰਮੁੱਖ ਕਾਰਨ ਪਾਰਟੀ ਵਰਕਰਾਂ ਨੂੰ ਨਾ ਸੰਭਾਲੇ ਜਾਣਾ ਹੀ ਕਿਹਾ ਜਾ ਸਕਦਾ ਹੈ ਜਿਸ ਕਾਰਨ ਪਾਰਟੀ ਦਾ ਬੁਨਿਆਦੀ ਢਾਂਚਾ ਜ਼ਰਜਰਾ ਅਤੇ ਕਮਜ਼ੋਰ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਵੱਡੇ ਆਗੂ ਆਰਥਿਕ ਤੌਰ ਤੇ ਮਜਬੂਤ ਹੋਏ ਅਤੇ ਬਹੁਤੇ ਪਾਰਟੀ ਵਰਕਰ ਅਜਿਹੇ ਮਾਂਝੇ ਗਏ ਕਿ ਲੰਮੇ ਸਮੇਂ ਤੱਕ ਠੀਕ ਨਹੀਂ ਹੋ ਸਕਦੇ । ਹੁਣ ਪਾਰਟੀ ਵਲੋਂ ‘ਇੱਕ ਪ੍ਰਵਾਰ ਇੱਕ ਟਿਕਟ’ ਦੀ ਨੀਤੀ ਸ਼ੁਰੂ ਕਰਨਾ ਸਵਾਗਤਯੋਗ ਹੈ ਜਿਸ ਨਾਲ ਇਸ ਪਾਰਟੀ ਦੇ ਵਰਕਰਾਂ ਦਾ ਭਰੋਸਾ ਹੌਲੀ ਹੌਲੀ ਪਾਰਟੀ ਪ੍ਰਤੀ ਵਧਦਾ ਜਾਵੇਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਅਕਾਲੀ ਦਲ ਆਪਣੇ ਪਹਿਲਾਂ ਵਾਲੇ ਸਰੂਪ ਵਿੱਚ ਵਾਪਸ ਆ ਜਾਵੇਗਾ।