ਨਵਜੋਤ ਸਿੱਧੂ ਰੈਲੀ ਪ੍ਰਬੰਧਕਾਂ ਦੇ ਹੱਕ ‘ਚ ਡਟੇ, ਵੜਿੰਗ ਦੇ ਹਮਾਇਤੀ ਸਿੱਧੂ ਨੂੰ ਨਿਸ਼ਾਨੇ ‘ਤੇ ਲੈਣ ਲੱਗੇ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੋਗਾ ਰੈਲੀ ਤੋਂ ਪੰਜਾਬ ਕਾਂਗਰਸ ਵਿਚ ਅੰਦਰੂਨੀ ਟਕਰਾਅ ਤਿੱਖਾ ਹੋ ਗਿਆ ਹੈ। ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਬੈਨਰ ਹੇਠ ਨਵਜੋਤ ਸਿੱਧੂ ਨੇ ਰੈਲੀ ਕਰ ਕੇ ਆਪਣੀ ਰਣਨੀਤੀ ਤੋਂ ਪਿੱਛੇ ਨਾ ਮੁੜਨ ਦਾ ਸੰਕੇਤ ਦਿੱਤਾ ਸੀ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਨੇ ਬੀਤੇ ਦਿਨ ਹੀ ਮੋਗਾ ਰੈਲੀ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ’ ਜਾਰੀ ਕਰ ਦਿੱਤਾ ਸੀ। ਮੋੜਵੇਂ ਰੂਪ ਵਿਚ ਅੱਜ ਨਵਜੋਤ ਸਿੱਧੂ ਨੇ ਮੋਗਾ ਰੈਲੀ ਦੇ ਪ੍ਰਬੰਧਕਾਂ ਨਾਲ ਡਟਣ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਵਲੋਂ ਤਿੰਨ ਰੋਜ਼ਾ ਮੀਟਿੰਗਾਂ ਦਾ ਐਲਾਨ ਕੀਤਾ ਹੈ ਕਾਂਗਰਸ ਵੱਲੋਂ ਭਲਕੇ ਪਟਿਆਲਾ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਇੰਚਾਰਜ ਦੇਵੇਂਦਰ ਯਾਦਵ, ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਸ਼ਾਮਲ ਹੋਣਗੇ। ਭਲਕੇ ਪਟਿਆਲਾ ਵਿੱਚ ਸੰਸਦੀ ਹਲਕਾ ਪਟਿਆਲਾ ਦੀ ਮੀਟਿੰਗ ਹੋਣੀ ਹੈ ਅਤੇ ਦੁਪਹਿਰ ਮਗਰੋਂ ਸੰਗਰੂਰ ਵਿੱਚ ਸੰਗਰੂਰ ਸੰਸਦੀ ਹਲਕੇ ਦੀ ਮੀਟਿੰਗ ਰੱਖੀ ਗਈ ਹੈ। ਦੇਖਣਾ ਹੋਵੇਗਾ ਕਿ ਪਟਿਆਲਾ ਮੀਟਿੰਗ ਵਿਚ ਨਵਜੋਤ ਸਿੱਧੂ ਸ਼ਾਮਲ ਹੁੰਦੇ ਹਨ ਜਾਂ ਨਹੀਂ। 24 ਅਤੇ 25 ਜਨਵਰੀ ਨੂੰ ਵੀ ਮੀਟਿੰਗਾਂ ਹੋਣਗੀਆਂ।ਪ੍ਰਧਾਨ ਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਲੜਕੇ ਐਡਵੋਕੇਟ ਧਰਮਪਾਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਦੋ ਦਿਨਾਂ ਦੇ ਅੰਦਰ ਸਥਿਤੀ ਸਪੱਸ਼ਟ ਕਰਨ ਬਾਰੇ ਲਿਿਖਆ ਗਿਆ ਹੈ। ਨਾਲ ਹੀ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦਾ ਇਸ਼ਾਰਾ ਕੀਤਾ ਹੈ। ਅੱਜ ਨਵਜੋਤ ਸਿੱਧੂ ਨੇ ਨਿਹਾਲ ਸਿੰਘ ਵਾਲਾ ਪਰਿਵਾਰ ਨਾਲ ਖੜ੍ਹਨ ਦੀ ਗੱਲ ਆਖ ਦਿੱਤੀ ਹੈ।