ਚੰਡੀਗੜ੍ਹ : 30 ਜਨਵਰੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿਚ ਹੋਈ ਧਾਂਦਲੀ ਦੇ ਮੁੱਦੇ ‘ਤੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਗਤ ਕੀਤਾ ਹੈ। ‘ਆਪ’ ਨੇ ਕਿਹਾ ਕਿ ਇਹ ਤਾਨਾਸ਼ਾਹ ਭਾਰਤੀ ਜਨਤਾ ਪਾਰਟੀ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਸੁਪਰੀਮ ਕੋਰਟ ਦਾ ਬਹੁਤ ਹੀ ਮਹੱਤਵਪੂਰਨ ਬਿਆਨ ਹੈ ਜਿਥੇ ਭਾਰਤ ਦੇ ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ ਹੈ ਕਿ ਚੋਣਾਂ ਦੇ ਨਾਂ ਤੇ ਕੀ ਵਾਪਰਿਆ ਹੈ। ਮੇਅਰ ਦੀਆਂ ਚੋਣਾਂ ਲੋਕਤੰਤਰ ਦਾ ਮਜ਼ਾਕ ਹੈ ਅਤੇ ਉਹ ਲੋਕਤੰਤਰ ਦਾ ਇਸ ਤਰ੍ਹਾਂ ਕਤਲ ਨਹੀਂ ਹੋਣ ਦੇਣਗੇ। ਕੰਗ ਨੇ ਕਿਹਾ ਕਿ ਪੂਰੇ ਦੇਸ਼ ਨੇ 30 ਜਨਵਰੀ ਨੂੰ ਭਾਜਪਾ ਦੀ ਕਾਰਜਸ਼ੈਲੀ ਦੇਖੀ ਅਤੇ ਉਨ੍ਹਾਂ ਨੇ ਨਾ ਸਿਰਫ਼ ਚੰਡੀਗੜ੍ਹ ਦੇ ਲੋਕਾਂ ਦੇ ਫ਼ਤਵੇ ਦਾ ਨਿਰਾਦਰ ਕੀਤਾ ਸਗੋਂ ਸਾਡੇ ਲੋਕਤੰਤਰ ਵਿਚ ਸਾਰੇ ਨਾਗਰਿਕਾਂ ਦੇ ਵਿਸ਼ਵਾਸ ਨੂੰ ਵੀ ਠੇਸ ਪਹੁੰਚਾਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਸਾਡੇ ਲੋਕਤੰਤਰ ਅਤੇ ਨਿਆਂ ਪ੍ਰਣਾਲੀ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕਰ ਦਿਤਾ ਹੈ। ਉਨਾਂ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਡੀ ਸਮੁੱਚੀ ਲੀਡਰਸ਼ਿਪ ਇਸ ਵਿਰੁਧ ਲੜ ਰਹੀ ਹੈ।