ਪਿੰਡ ਕਾਹਨੇਕੇ ਤੋਂ ਬਦਰਾ ਨੂੰ ਜਾਂਦੀ ਸੜਕ ‘ਤੇ ਲੱਗੇ ਬਾਗ ਅਤੇ ਜੰਗਲ ‘ਚੋਂ ਦਰਜਨਾਂ ਸਰਕਾਰੀ ਰੁੱਖ ਚੋਰੀ ਹੋਣ ਕਰ ਕੇ ਇਲਾਕੇ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਬੰਗਾ ਸਿੰਘ ਕਾਹਨੇਕੇ ਨੇ ਦੱਸਿਆ ਕਿ ਇਲਾਕੇ ਦੇ ਵਾਤਾਵਰਣ ਪ੍ਰੇਮੀਆਂ ਨੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਅਗਵਾਈ ‘ਚ ਜੁਲਾਈ 2017 ‘ਚ ਪਿੰਡ ਕਾਹਨੇਕੇ ਬਦਰਾ ਹੋਂਦ ‘ਤੇ ਸਾਢੇ ਚਾਰ ਏਕੜ ਜ਼ਮੀਨ ਵਿਚ ਫਲਦਾਰ ਬੂਟਿਆਂ ਦਾ ਬਾਗ ਅਤੇ ਜੰਗਲ ਲਾਇਆ ਸੀ। ਇਹ ਬਾਗ ਤੇ ਜੰਗਲ ਵਣ ਵਿਭਾਗ ਬਰਨਾਲਾ ਦੀ 40 ਕਿਸਮਾਂ ਦੇ ਫਲਦਾਰ, ਫੁੱਲਦਾਰ, ਛਾਂਦਾਰ ਤੇ ਸਜਾਵਟੀ ਰੁੱਖ ਰੱਖੇ ਹੋਏ ਹਨ। ਪਿਛਲੇ ਇਕ ਮਹੀਨੇ ਤੋਂ ਲੈ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਗ ‘ਚੋਂ ਦਰਜਨਾਂ ਵੱਡੇ ਰੁੱਖ ਵੱਢ ਕੇ ਬਾਗ ਅਤੇ ਜੰਗਲ ਦਾ ਉਜਾੜਾ ਕੀਤਾ ਗਿਆ ਹੈ। ਜ਼ਿਲੇ ਦੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਰਕਾਰੀ ਰੁੱਖ ਚੋਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰੲਵਾਈ ਕਰਨ ਲਈ ਚੁੱਪ ਧਾਰੀ ਹੋਈ ਹੈ। ਸਮਾਜ ਸੇਵੀ ਗੁਰਪ੍ਰੀਤ ਸਿੰਘ ਕਾਹਨੇਕੇ, ਐਡਵੋਕੇਟ ਬੰਗਾ ਸਿੰਘ ਕਾਹਨੇਕੇ ਅਤੇ ਵਾਤਾਵਰਣ ਪ੍ਰੇਮੀਆਂ ਨੇ ਪੰਜਾਬ ਸਰਕਾਰ ਅਤੇ ਡੀ. ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਬਾਗ ‘ਚੋਂ ਸਰਕਾਰੀ ਰੁੱਖ ਚੋਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।