ਪੰਜਾਬ ਸਰਕਾਰ ਵੱਲੋਂ ਲੋਹੜੀ ਬੰਪਰ ਦਾ ਡਰਾਅ ਕੱਢਿਆ ਗਿਆ ਜਿਸ ਵਿਚ ਸਮਾਣਾ ਨੇੜਲੇ ਪਿੰਡ ਗਾਜੀਸਲਾਰ ਦੇ ਮਜ਼ਦੂਰ ਬਿੰਦਰ ਰਾਮ ਤੇ ਚੰਨਾ ਰਾਮ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਜਿਨ੍ਹਾਂ ਨੇ ਮੂੰਹ ਮਿੱਠਾ ਕਰਾ ਕੇ ਤੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਬਿੰਦਰ ਰਾਮ ਤੇ ਚੰਨਾ ਰਾਮ ਨੇ ਦੱਸਿਆ ਕਿ ਉਹ ਮਿਹਨਤ- ਮਜ਼ਦੂਰੀ ਕਰਦੇ ਹਨ ਤੇ ਪਿਛਲੇ ਕਈ ਸਾਲਾਂ ਤੋਂ ਤਿਉਹਾਰਾਂ ਮੌਕੇ ਲਾਟਰੀ ਪਾਉਂਦੇ ਆ ਰਹੇ ਹਨ।ਉਨ੍ਹਾਂ ਦੀ ਇਹ ਕਾਮਨਾ ਪਿੰਡ ਵਿਚ ਸਥਿਤ ਬਾਬਾ ਪੀਰ ਨੇ ਪੂਰੀ ਕੀਤੀ ਹੈ। ਉਨ੍ਹਾਂ ਨੇ ਇਹ ਟਿਕਟ ਸਮਾਣਾ ਦੇ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਰਕਮ ਨਾਲ ਸ਼ਰਧਾ ਅਨੁਸਾਰ ਬਾਬੇ ਪੀਰ ਦੀ ਸੇਵਾ ਕਰਨਗੇ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਗੇ। ਇਸ ਸਬੰਧੀ ਲਾਟਰੀ ਸਟਾਲ ਦੇ ਮਾਲਕ ਸੁਭਾਸ਼ ਚੰਦ ਉਰਫ ਮੋਤੀ ਨੇ ਦੱਸਿਆ ਕਿ ਉਨ੍ਹਾਂ ਤੋਂ ਇਹ ਟਿਕਟ ਨੰਬਰ 665244 ਬਿੰਦਰ ਰਾਮ ਤੇ ਚੰਨਾ ਰਾਮ ਨੇ ਖਰੀਦੀ ਸੀ ਜਿਨ੍ਹਾਂ ਦਾ ਪਿਛਲੇ ਦਿਨੀਂ ਬੰਪਰ ਡਰਾਅ ਦੌਰਾਨ ਇਨਾਮ ਨਿਕਲਿਆ ਹੈ। ਇਸ ਤੋਂ ਪਹਿਲਾਂ ਸਾਲ 2005 ਵਿੱਚ ਵੀ ਉਨ੍ਹਾਂ ਤੋਂ ਖਰੀਦੀ ਟਿਕਟ ਦਾ ਇਨਾਮ ਸਮਾਣਾ ਦੇ ਇੱਕ ਵਿਅਕਤੀ ਦਾ ਨਿਕਲਿਆ ਸੀ।