ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਬਿਮਨ ਬੰਦੋਪਾਧਿਆਏ ਨੇ ਸੋਮਵਾਰ ਵਿਰੋਧੀ ਧਿਰ ਦੇ ਨੇਤਾ ਸੁਭੇਦੂ ਅਧਿਕਾਰੀ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 5 ਹੋਰ ਵਿਧਾਇਕਾਂ ਨੂੰ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ।ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸਪੀਕਰ ਵੱਲੋਂ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਭਾਜਪਾ ਦੇ ਵਿਧਾਇਕ ਲਾਲ ਰੰਗ ਨਾਲ ਲਿਖੀਆਂ ਉਹ ਕਮੀਜ਼ਾਂ ਪਾ ਕੇ ਹਾਊਸ ਵਿੱਚ ਦਾਖ਼ਲ ਹੋਏ ਜਿਨ੍ਹਾਂ ‘ਤੇ ਲਿਿਖਆ ਹੋਇਆ ਸੀ ਕਿ ਉਹ ਸੰਦੇਸ਼ਖਾਲੀ ਨਾਲ ਹਨ। ਸੰਦੇਸ਼ਖਾਲੀ ਉੱਤਰੀ 24 ਪਰਗਨਾ ਦਾ ਇੱਕ ਇਲਾਕਾ ਹੈ ਜਿੱਥੇ ਲੋਕਾਂ ਖਾਸ ਕਰ ਕੇ ਔਰਤਾਂ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਕੁਝ ਨੇਤਾਵਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਹੈ। 5 ਜਨਵਰੀ ਤੋਂ ਫਰਾਰ ਸ਼ਾਹਜਹਾਂ ਸ਼ੇਖ ਵੀ ਉਕਤ ਨੇਤਾਵਾਂ ‘ਚ ਸ਼ਾਮਲ ਹੈ।ਵਿਧਾਨ ਸਭਾ ਦੇ ਸਪੀਕਰ ਨੇ ਅਜਿਹੀਆਂ ਕਮੀਜ਼ਾਂ ਪਹਿਨਣ ‘ਤੇ ਇਤਰਾਜ਼ ਜਤਾਇਆ, ਜਿਸ ਦੇ ਜਵਾਬ ‘ਚ ਭਾਜਪਾ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ।