ਮਾਲੇਰਕੋਟਲਾ, 9 ਮਾਰਚ (ਬਲਵਿੰਦਰ ਸਿੰਘ ਭੁੱਲਰ): ਸ਼੍ਰੌਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੌਮਣੀ ਅਕਾਲੀ ਦਲ (ਸੰਯੁਕਤ) ਦੇ ਦੋਵੇਂ ਪ੍ਰਮੁੱਖ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਵਿਚਕਾਰ ਜਿਹੜਾ ਸਿਆਸੀ ਸਮਝੌਤਾ ਬੀਤੇ ਦਿਨੀ ਮੁਕੰਮਲ ਹੋਇਆ ਹੈ ਉਸ ਨਾਲ ਭਾਵੇਂ ਇਨ੍ਹਾਂ ਦੋਵਾਂ ਆਗੂਆਂ ਜਾਂ ਦੋਵਾਂ ਪ੍ਰਵਾਰਾਂ ਦਰਮਿਆਨ ਵਧੀਆਂ ਹੋਈਆਂ ਦੂਰੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਪਰ ਇਨ੍ਹਾਂ ਦੋਵਾਂ ਦਲਾਂ ਦੇ ਦੂਜੇ ਅਤੇ ਤੀਜੇ ਦਰਜ਼ੇ ਦੇ ਆਗੂਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਜਿਸ ਸਮੇਂ ਇਹ ਦੋਵੇਂ ਦਲ ਵੱਖ ਵੱਖ ਹੋਏ ਸਨ ਤਾਂ ਉਸ ਸਮੇਂ ਸੂਬੇ ਦੇ ਦੂਜੇ ਅਤੇ ਤੀਜੇ ਦਰਜ਼ੇ ਦੇ ਕੁਝ ਪ੍ਰਮੁੱਖ ਆਗੂਆਂ ਵਿੱਚੋਂ ਕੁਝ ਤਾਂ ਬਾਦਲਾਂ ਨਾਲ ਚਲੇ ਗਏ ਜਦ ਕਿ ਬਾਕੀ ਕੁਝ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸ਼੍ਰੌਮਣੀ ਅਕਾਲੀ ਦਲ ਸੰਯੂਕਤ ਵਿੱਚ ਪ੍ਰਵੇਸ਼ ਕਰ ਗਏ। ਰਾਜਨੀਤੀ ਦਾ ਇਹ ਚਿਰਾਂ ਤੋਂ ਖਾਸਾ ਰਿਹਾ ਹੈ ਕਿ ਇੱਕ ਦਲ ਦੇ ਵਰਕਰਾਂ ਵਲੋਂ ਹਮੇਸ਼ਾ ਦੂਸਰੇ ਦਲ ਦੇ ਆਗੂਆਂ ਵਿਰੁੱਧ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ ਜਿਸ ਨਾਲ ਦੋਵਾਂ ਪਾਰਟੀਆਂ ਦਰਮਿਆਨ ਸਿਆਂਸੀ ਕੁੜੱਤਣ ਲਗਾਤਾਰ ਵਧਦੀ ਹੀ ਚਲੀ ਜਾਂਦੀ ਹੈ। ਇਨ੍ਹਾਂ ਬਿਆਨਬਾਜ਼ੀਆਂ ਕਾਰਨ ਆਮ ਪਾਰਟੀ ਵਰਕਰ ਦੂਜੀ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਹਿੱਟ ਲਿਸਟ ਉੱਪਰ ਆ ਜਾਂਦੇ ਹਨ ਜਿਨ੍ਹਾਂ ਨੂੰ ਵਕਤ ਆਉਣ ਤੇ ਸਿਆਸੀ ਸਬਕ ਸਿਖਾਏ ਜਾਂਦੇ ਹਨ ਅਤੇ ਉਨ੍ਹਾਂ ਤੋਂ ਕੀਤੀ ਗਈ ਬਿਆਨਬਾਜ਼ੀ ਦੀ ਕੀਮਤ ਵਸੂਲਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।ਸੋ, ਹੁਣ ਦੋਵਾਂ ਅਕਾਲੀ ਦਲਾਂ ਦੇ ਰਲੇਵੇਂ ਕਾਰਨ ਇੱਕ ਦੂਜੇ ਵਿਰੁੱਧ ਸੱਚੀ ਝੂਠੀ ਬਿਆਨਬਾਜ਼ੀ ਕਰ ਕੇ ਫੋਕੀ ਸ਼ੋਹਰਤ ਅਤੇ ਵਾਹਵਾ ਖੱਟਣ ਵਾਲੇ ਚੰਦ ਆਗੂਆਂ ਦੀ ਬਲੀ ਜਾਂ ਕੁਰਬਾਨੀ ਜਰੂਰ ਦਿੱਤੀ ਜਾਵੇਗੀ ਕਿਉਂਕਿ ਵੱਧ ਬੋਲਣ ਵਾਲੇ ਆਗੂਆਂ ਨੂੰ ਆਪਣੀ ਮਾੜੀ੍ਹ ਸ਼ਬਦਾਵਲੀ ਦਾ ਖਾਮਿਆਜਾ ਹਰ ਹਾਲ ਭੁਗਤਣਾ ਪੈਂਦਾ ਹੈ।ਹੁਣ ਸਿਰਫ ਵੇਖਣ ਅਤੇ ਉਡੀਕ ਕਰਨ ਵਾਲੀ ਗੱਲ ਹੈ ਕਿ ਕਿਵੇਂ ਦੋਵਾਂ ਪਾਰਟੀਆਂ ਦੇ ਪ੍ਰਮੁੱਖ ਆਗੂ ਇੱਕ ਦੂਜੇ ਦੇ ਹੋ ਜਾਣ ਤੋਂ ਬਾਅਦ ਦੂਜੇ ਜਾਂ ਤੀਜੇ ਦਰਜ਼ੇ ਦੇ ਆਗੂਆਂ ਦੀ ਸਿਆਸੀ ਬਲੀ ਕਿਵੇਂ ਲੈਂਦੇ ਹਨ।