ਮਾਲੇਰਕੋਟਲਾ 23 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਉਰਦੂ ਅਕਾਦਮੀ ਸਾਡੀ ਇੱਕ ਮਾਣਮੱਤੀ ਸੰਸਥਾ ਹੈ ਜੋ ਕਿ ਭਾਸ਼ਾ ਫਲਾਓ ਲਈ ਸਾਰਥਕ ਉਪਰਾਲੇ ਕਰ ਰਹੀ ਹੈ ਤਾਂ ਜੋ ਨੌਜਵਾਨ ਵਰਗ ਨੂੰ ਆਪਣੀ ਮਿੱਠੀ ਭਾਸ਼ਾ ਉਰਦੂ ਨਾਲ ਜੋੜ ਕੇ ਰੱਖਿਆ ਜਾ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਕਬਾਲ ਆਡੀਟੋਰੀਅਮ, ਪੰਜਾਬ ਉਰਦੂ ਅਕਾਦਮੀ, ਮਾਲੇਰਕੋਟਲਾ ਦੇ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਰਮਮ-ਏ-ਇਜਰਾਅ(ਮੁੱਖ ਵਿਖਾਈ) ਮੌਕੇ ਕੀਤਾ । ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਉਰਦੂ ਅਕਾਦਮੀ ਦੇ ਸਰਵਪੱਖੀ ਵਿਕਾਸ ਲਈ 05 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ । ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਵੀ ਮੌਜੂਦ ਸਨ ।ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਮੁਲਕ ਭਰ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਇਕੱਲੇ ਕਿਸਾਨਾਂ ਦੇ ਹਿਤ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਹਿਤ ਵਿੱਚ ਹੈ। ਮਾਲੇਰਕੋਟਲਾ ਵਿਖੇ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਅਤੇ ਅੰਦੋਲਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਸਚਾਈ ਇਹ ਹੈ ਕਿ ਐੱਮ ਐੱਸ ਪੀ ਦੇਣਾ, ਕਿਸਾਨ ਲਈ ਹੀ ਨਹੀਂ ਸਗੋਂ ਦੇਸ਼ ਦੇ ਵਿਕਾਸ ਲਈ ਵੀ ਜ਼ਰੂਰੀ ਹੈ। ਫ਼ਸਲਾਂ ਦੀ ਐੱਮ.ਐੱਸ.ਪੀ ਬੰਦ ਕਰਕੇ ਅਮਰੀਕਾ ਵਰਗੇ ਦੇਸ਼ ਵੀ ਵਿਕਾਸ ਦੇ ਰਾਹ ਤੋਂ ਭਟਕ ਗਏ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਬਿਨਾ ਕਿਸੇ ਦੇਰੀ ਦੇ ਕਿਸਾਨਾਂ ਦੀ ਮੰਗ ਅਨੁਸਾਰ ਫ਼ਸਲਾਂ ਦੀ ਐੱਮ ਐੱਸ ਪੀ ਜਾਰੀ ਕਰੇ। ਉਨ੍ਹਾਂ ਕਿਹਾ ਕਿ ਵੱਡੇ ਘਰਾਣੇ ਕੇਵਲ ਕਿਸਾਨ ਮਜ਼ਦੂਰ ਲਈ ਨਹੀਂ ਸਗੋਂ ਛੋਟੇ ਵਪਾਰੀਆਂ ਲਈ ਵੀ ਬੇਹੱਦ ਖ਼ਤਰਨਾਕ ਹਨ ਕਿਉਂਕਿ ਇੱਕ ਸਧਾਰਨ ਵਪਾਰਿਕ ਅਦਾਰਾ (ਸ਼ਾਪਿੰਗ ਮਾਲ) ਸੈਂਕੜੇ ਹੀ ਛੋਟੇ ਦੁਕਾਨਦਾਰਾਂ ਦਾ ਰੋਜ਼ਗਾਰ ਖੋਹ ਰਿਹਾ ਹੈ। ਇਸ ਲਈ ਜ਼ਰੂਰੀ ਹੈ ਕਿਸਾਨੀ ਅਤੇ ਕਿਸਾਨਾਂ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪ੍ਰਫੁਲਿੱਤ ਕੀਤਾ ਜਾਵੇ । ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ. ਐਸ. ਏ ਲਗਾਉਣ ਤੋਂ ਬਾਅਦ ਵਿੱਚ ਮੁਕਰ ਜਾਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਯੂ ਟਰਨ ਲੈਣ ਵਿੱਚ ਮਾਹਿਰ ਹੈ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐਨ ਐਸ ਏ ਲਗਾਉਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਸੀ। ਜਿਸ ਨੂੰ ਕਿਸਾਨਾਂ ਦੇ ਨਾਲ ਨਾਲ ਦੇਸ਼ ਦੇ ਨਾਗਰਿਕਾਂ ਨੇ ਵੀ ਸਵੀਕਾਰ ਨਹੀਂ ਕਰਨਾ ਸੀ। ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਵਿੱਤੀ ਸਾਲ 2023-24 ਦੇ ਬਜਟ ਵਿੱਚ ਪੰਜਾਬ ਉਰਦੂ ਅਕਾਦਮੀ ਅਤੇ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਕਰੀਬ 02 ਕਰੋੜ 23 ਲੱਖ ਰੁਪਏ ਦਾ ਬਜਟ ਰੱਖਿਆ ਜਾਵੇਗਾ ।