ਨਵੀਂ ਦਿੱਲੀ : ਓਲੰਪਿਕ ਤਮਗਾ ਜੇਤੂ ਪਹਿਲਵਾਨਾਂ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨੇ ਬੁੱਧਵਾਰ ਨੂੰ ਦੋਸ਼ ਲਾਇਆ ਹੈ ਕਿ ਭਾਰਤੀ ਕੁਸ਼ਤੀ ਸੰਘ (ਡਬਲਯੂ.ਐੱਫ. ਆਈ.) ਦੇ ਮੁਖੀ ਸੰਜੇ ਸਿੰਘ ਨੇ ਯੂਨਾਈਟਿਡ ਵਰਲਡ ਰੈਸਲੰਿਗ (ਯੂ. ਡਬਲਯੂ. ਡਬਲਯੂ.) ਵਲੋਂ ਲਗਾਈ ਗਈ ਪਾਬੰਦੀ ਹਟਵਾਉਣ ਲਈ ਗਲਤ ਤਰੀਕਿਆਂ ਦਾ ਇਸਤੇਮਾਲ ਕੀਤਾ ਤੇ ਡਬਲਯੂ. ਐੱਫ. ਆਈ. ਵਿਰੁੱਧ ਵਿਰੋਧ-ਪ੍ਰਦਰਸ਼ਨ ਫਿਰ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਯੂ. ਡਬਲਯੂ. ਡਬਲਯੂ. ਨੇ ਮੰਗਲਵਾਰ ਨੂੰ ਭਾਰਤ ‘ਤੇ ਲਗਾਈ ਗਈ ਅਸਥਾਈ ਪਾਬੰਦੀ ਹਟਾ ਦਿੱਤੀ ਪਰ ਰਾਸ਼ਟਰੀ ਸੰਘ ਨੂੰ ਨਿਰਦੇਸ਼ ਦਿੱਤਾ ਕਿ ਉਹ ਲਿਖਤ ਗਾਰੰਟੀ ਦੇਵੇ ਕਿ ਵਿਰੋਧ ਕਰ ਰਹੇ ਪਹਿਲਵਾਨਾਂ ਬਜਰੰਗ, ਸਾਕਸ਼ੀ ਤੇ ਵਿਨੇਸ਼ ਫੋਗਟ ਵਿਰੁੱਧ ਕੋਈ ਪੱਖਪਾਤੀ ਕਾਰਵਾਈ ਨਹੀਂ ਕੀਤੀ ਜਾਵੇਗੀ। ਡਬਲਯੂ. ਐੱਫ ਆਈ. ਦੇ ਸਮੇਂ ‘ਤੇ ਚੋਣਾਂ ਕਰਵਾਉਣ ਵਿਚ ਅਸਫਲ ਰਹਿਣ ‘ਤੇ ਯੂ. ਡਬਲਯੂ. ਡਬਲਯੂ. ਨੇ ਇਹ ਪਾਬੰਦੀ ਪਿਛਲੇ ਸਾਲ ਅਗਸਤ ਵਿਚ ਲਗਾਈ ਸੀ । ਡਬਲਯੂ. ਐੱਫ. ਆਈ. ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਬਰਣ ਸਿੰਘ ਦੀ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਣਸੀ ਸੋਸ਼ਣ ਲਈ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਬਜਰੰਗ, ਸਾਕਸ਼ੀ ਤੇ ਵਿਨੇਸ਼ ਨੇ ਇਕ ਸਾਲ ਤੋਂ ਵੱਧ ਸਮੇਂ ਤਕ ਵਿਰੋਧ-ਪ੍ਰਦਰਸ਼ਨ ਕੀਤਾ ਸੀ।