ਮਲੇਰਕੋਟਲਾ, 11 ਮਾਰਚ (ਸਰਾਜਦੀਨ ਦਿਉਲ) : ਰਾਸ਼ਟਰੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਇੰਡੀਅਨ ਫਾਰਮਰਜ਼ ਐਸੋਸ਼ੀਏਸ਼ਨ ਜਿਲਾ ਮਾਲੇਰਕੋਟਲਾ ਦੇ ਪ੍ਰਧਾਨ ਸ.ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਅਮਰਗੜ੍ਹ ਬਲਾਕ ਦੇ ਪਿੰਡ ਬਾਠਾਂ ਵਿਖੇ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜਨ ਲਈ ਸਦਾ ਤਤਪਰ ਰਹਿੰਦੀ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪਿੰਡ ਬਾਠਾਂ ਦੀ ਪਿੰਡ ਦੀ ਇਕਾਈ ਦੀ ਚੋਣ ਕੀਤੀ ਗਈ। ਬਾਠਾਂ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿਲਾ੍ਹ ਪ੍ਰਧਾਨ ਸ.ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵਲੋਂ ਜਦੋਂ ਤੋਂ ਸੂਬੇ ਦੇ ਪਿੰਡਾਂ ਅੰਦਰ ਕਿਸਾਨਾਂ ਦੇ ਹੱਕਾਂ ਦੀ ਜੋਰਦਾਰ ਲੜਾਈ ਲੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸੇ ਦਿਨ ਤੋਂ ਪਿੰਡਾਂ ਅੰਦਰ ਵਸਦਾ ਬਹੁਗਿਣਤੀ ਕਿਸਾਨ ਭਾਈਚਾਰਾ ਇਸ ਸਿਰਮੌਰ ਕਿਸਾਨ ਲਹਿਰ ਨਾਲ ਆਪ ਮੁਹਾਰੇ ਲਗਾਤਾਰ ਜੁੜਦਾ ਜਾ ਰਿਹਾ ਹੈ।ਉਨਾਂ ਕਿਹਾ ਕਿ ਕਿਸਾਨੀ ਦੀ ਲੜਾਈ ਹਿੱਕ ਦੇ ਜੋਰ ਨਾਲ ਨਹੀਂ ਬਲਕਿ ਇੱਕ ਵੱਖਰੀ ਅਤੇ ਵਿਲੱਖਣ ਕਿਸਾਨ ਰਣਨੀਤੀ ਦੁਆਰਾ ਹੀ ਜਿੱਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿਸਾਨਾਂ ਨੂੰ ਕਿਸੇ ਵੀ ਤਤਕਾਲੀ ਸਰਕਾਰ ਨੇ ਉਨ੍ਹਾਂ ਦੇ ਹੱਕ ਕਦੇ ਥਾਲੀ੍ਹ ਵਿੱਚ ਪਰੋਸ ਕੇ ਨਹੀਂ ਦਿੱਤੇ ਬਲਕਿ ਇਹ ਸਾਰੇ ਹੱਕ ਉਨ੍ਹਾਂ ਨੂੰ ਕਿਸਾਨੀ ਏਕੇ ਦੁਆਰਾ ਖੋਹਣੇ ਪਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਇੱਕ ਝੰਡੇ ਥੱਲੇ ਇਕੱਠੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਨਹਾਂ ਨੂੰ ਸ਼ਰਕਾਰੀ ਤਸ਼ੱਦਦ ਝੱਲਣਾ ਹੀ ਪਵੇਗਾ। ਇਸ ਮੌਕੇ ਬਾਠਾਂ ਪਿੰਡ ਦੀ ਕਿਸਾਨ ਇਕਾਈ ਦੀ ਇਸ ਚੋਣ ਵਿੱਚ ਸ.ਗੁਰਮੀਤ ਸਿੰਘ ਪੁੱਤਰ ਰਣਜੀਤ ਸਿੰਘ ਨੂੰ ਪ੍ਰਧਾਨ,ਸ.ਹਰਮੀਤ ਸਿੰਘ ਪੁੱਤਰ ਪਰਮਜੀਤ ਸਿੰਘ ਨੂੰ ਮੀਤ ਪ੍ਰਧਾਨ ਤੋਂ ਇਲਾਵਾ ਸੁਖਵਿੰਦਰ ਸਿੰਘ, ਗੁਰਮੀਤ ਸਿੰਘ,ਨਰਿੰਦਰ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ,ਪਰਮਪ੍ਰੀਤ ਸਿੰਘ, ਜਗਜੀਤ ਸਿੰਘ, ਗੁਰਿੰਦਰ ਸਿੰਘ, ਰਮਨਦੀਪ ਸਿੰਘ ਮੈਂਬਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਸ.ਹਰਦੇਵ ਸਿੰਘ ਦਰੋਗੇਵਾਲ ਤੋਂ ਇਲਾਵਾ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸ.ਗੁਰਦੇਵ ਸਿੰਘ ਸੰਗਾਲਾ ਅਤੇ ਪਿੰਡ ਦੇ ਹੋਰ ਬਹੁਤ ਸਾਰੇ ਕਿਸਾਨਾਂ ਸਮੇਤ ਨੇੜਲੇ ਪਿੰਡਾਂ ਅਤੇ ਇਲਾਕੇ ਦੇ ਬਹੁਤ ਸਾਰੇ ਪਤਵੰਤੇ ਵੀ ਹਾਜ਼ਰ ਸਨ।