ਮਾਲੇਰਕੋਟਲਾ, 23 ਮਾਰਚ (ਬਲਵਿੰਦਰ ਸਿੰਘ ਭੁੱਲਰ) : ਲੋਕ ਸਭਾ ਹਲਕਾ ਸੰਗਰੂਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹੁਤ ਨਿੱਜੀ ਅਤੇ ਨੇੜਲਾ ਸਬੰਧ ਰਖਦਾ ਹੈ ਜਿਸ ਦੇ ਚਲਦਿਆਂ ਇਹ ਲੋਕ ਸਭਾ ਹਲਕਾ ਹਮੇਸ਼ਾ ਸੂਬਾ ਵਾਸੀਆਂ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਰਹਿੰਦਾ ਹੈ। ਅਗਰ ਇਸ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਭਗਵੰਤ ਮਾਨ ਦਾ ਪਿੰਡ ਸਤੌਜ ਇਸੇ ਜਿਲੇ੍ਹ ਦਾ ਇੱਕ ਪਿੰਡ ਹੈ। ਦੂਸਰਾ ਇਸ ਲੋਕ ਸਭਾ ਹਲਕੇ ਤੋਂ ਉਹ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਜਾ ਚੁੱਕੇ ਹਨ। ਤੀਸਰਾ ਇਸੇ ਜਿਲੇ੍ਹ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਉਹ ਵਿਧਾਇਕ ਚੁਣੇ ਗਏ ਸਨ ਜਿਸ ਤੋਂ ਬਾਅਦ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ। ਬਾਕੀ ਹੁਣ ਇਸੇ ਲੋਕ ਸਭਾ ਹਲਕੇ ਤੋਂ ਸੂਬੇ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਮੈਦਾਨ ਵਿੱਚ ਉਤਾਰੇ ਗਏ ਹਨ ਪਰ ਇਸ ਤੋਂ ਪਹਿਲਾਂ ਉਹ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਅਤੇ ਸੂਬਾ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਹਨ। ਅੱਜ ਹੀ ਖਬਰ ਮਿਲੀ ਹੈ ਕਿ ਪੰਜਾਬ ਦੇ ਕਪੂਰਥਲਾ ਜਿਲੇ੍ਹ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਲੋਕ ਸਭਾ ਹਲਕਾ ਸੰਗਰੂਰ ਤੋ ਆਪਣੀ ਕਿਸਮਤ ਅਜਮਾਉਣ ਲਈ ਤਿਆਰ ਹਨ ਪਰ ਕਾਂਗਰਸ ਪਾਰਟੀ ਤੋਂ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਭ ਤੋਂ ਨੇੜਲੇ ਸਾਥੀ ਸੁਰਿੰਦਰਪਾਲ ਸਿੰਘ ਸਿਵੀਆ ਨੂੰ ਅਸੀਰਵਾਦ ਦੇ ਸਕਦੇ ਹਨ ਕਿਉਂ ਕਿ ਸ.ਸਿਵੀਆ ਸੰਗਰੂਰ ਦੇ ਸਾਬਕਾ ਵਿਧਾਇਕ ਅਤੇ ਜਿਲਾ ਪ੍ਰਧਾਨ ਹੋਣ ਦੇ ਨਾਲ ਪਾਰਟੀ ਦੇ ਸਿਰਕੱਢ ਬੁਲਾਰੇ ਵੀ ਹਨ । ਇਸੇ ਤਰਾਂ੍ਹ ਇਸੇ ਲੋਕ ਸਭਾ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਚੋਣ ਮੈਦਾਨ ਵਿੱਚ ਕੁੱਦਣ ਲਈ ਪੂਰੀ ਤਰਾਂ੍ਹ ਤਿਆਰ ਬਰ ਤਿਆਰ ਹਨ। ਬਾਕੀ ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੌਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਵੀ ਇਸ ਹਲਕੇ ਤੋਂ ਲੋਕ ਸਭਾ ਮੈਂਬਰੀ ਦੇ ਤਕੜੇ ਦਾਅਵੇਦਾਰ ਹਨ।ਇਸ ਲੋਕ ਸਭਾ ਹਲਕੇ ਤੋਂ ਹੁਣ ਪੂਰੀ ਸੰਭਾਵਨਾ ਬਣ ਚੁੱਕੀ ਹੈ ਕਿ ਇਸ ਵਾਰ ਇਸ ਹਲਕੇ ਤੋਂ ਕੰੁਢੀਆਂ ਦੇ ਸਿੰਗ ਜਰੂਰ ਫਸਣਗੇ।