ਮਲੇਰਕੋਟਲਾ, 13 ਅਪ੍ਰੈਲ (ਬਲਵਿੰਦਰ ਸਿੰਘ ਭੁੱਲਰ,ਇਸਮਾਈਲ ਏਸ਼ੀਆ) – ਇਲਾਕੇ ਅੰਦਰ ਨਿੱਤ ਰੋਜ਼ ਦੋਪਹੀਆ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਖ਼ਿਲਾਫ਼ ਵੱਡੀ ਕਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਦੇ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਪੁਲਿਸ ਟੀਮ ਨੇ ਵਾਹਨ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ 12 ਮੋਟਰ ਸਾਈਕਲ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਰੋਹ ਦੇ ਸਾਰੇ ਮੈਂਬਰਾਂ ਦੀ ਉਮਰ 25 ਤੋਂ 30 ਸਾਲ ਦਰਮਿਆਨ ਦੱਸੀ ਗਈ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪੁਲਿਸ ਪ੍ਰਬੰਧਕੀ ਕੰਪਲੈਕਸ ਵਿਖੇ ਬੁਲਾਈ ਪ੍ਰੈਸ ਕਾਨਸ ਦੌਰਾਨ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਸ੍ਰੀ ਵੈਭਵ ਸਹਿਗਲ ਪੀ.ਪੀ.ਐਸ. ਨੇ ਦੱਸਿਆ ਕਿ ਡਾ. ਸਿਮਰਤ ਕੌਰ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ‘ਮਲੇਰਕੋਟਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਉਨ੍ਹਾਂ ਸਮੇਤ ਸ੍ਰੀ ਸਤੀਸ਼ ਕੁਮਾਰ ਪੀ.ਪੀ.ਐਸ. ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਮਲੇਰਕੋਟਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਰਾਹੀਂ ਮਿਲੀ ਸੂਚਨਾ ਦੇ ਆਧਾਰ ‘ਤੇ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਨੰਬਰ 31 ਦਰਜ ਕਰ ਕੇ ਅਸਲਮ ਮੁਹੰਮਦ ਉਰਫ਼ ਆਸੂ ਪੁੱਤਰ ਗੁਰਜੰਟ ਖਾਂ ਪੁੱਤਰ ਸੁਲੇਮਾਨ ਖਾਂ ਵਾਸੀ ਨੇੜੇ ਭੂਰੇ ਦੀ ਚੱਕੀ ਧੂਰੀ ਰੋਡ ਬਾਗੜੀਆਂ, ਗਗਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਨੇੜੇ ਪ੍ਰਾਇਮਰੀ ਸਕੂਲ ਬਾਗੜੀਆਂ, ਕਮਲ ਕੁਮਾਰ ਉਰਫ਼ ਨੰਦੂ ਪੁੱਤਰ ਕੁਲਵੰਤ ਰਾਏ ਵਾਸੀ ਨਵੀ ਬਸਤੀ ਮੈਹਸ ਗੇਟ ਨਾਭਾ ਹਾਲ ਅਬਾਦ ਕਿਰਾਏਦਾਰ ਨੇੜੇ ਜੀਰੂ ਦਾ ਢਾਬਾ ਮਲੇਰਕੋਟਲਾ ਤੇ ਅਜੈ ਸਿੰਘ ਉਰਫ ਸਾਲੂ ਪੁੱਤਰ ਹਰਵਿੱਕਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਧਾਨਕ ਬਸਤੀ ਬੌੜਾਂ ਗੇਟ ਨਾਭਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸ.ਪੀ. ਸ੍ਰੀ ਵੈਭਵ ਸਹਿਗਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਚੋਰੀ ਦੇ 12 ਮੋਟਰਸਾਈਕਲ (ਬਿਨਾਂ ਨੰਬਰ) ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋਟਰ ਸਾਈਕਲਾਂ ਵਿਚ ਹੀਰੋ ਹਾਂਡਾ ਸਪਲੈਂਡਰ, ਸੀ.ਟੀ. 110, ਪੈਸ਼ਨ ਪਰੋ, ਪਲੈਟੀਨਾ ਅਤੇ ਟੀ.ਵੀ.ਐਸ. ਬਰਾਂਡ ਦੇ ਮੋਟਰ ਸਾਈਕਲ ਸ਼ਾਮਿਲ ਹਨ। ਐਸ.ਪੀ. ਸ੍ਰੀ ਵੈਭਵ ਸਹਿਗਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਮੁੱਢਲੀ ਪੁੱਛਗਿੱਛ ਉਪਰੰਤ ਇਸ ਮਾਮਲੇ ‘ਚ ਨਾਮਜ਼ਦ ਕੀਤੇ ਪੰਜਵੇਂ ਮੁਲਜ਼ਮ ਸੁਖਦੇਵ ਸਿੰਘ ਉਰਫ਼ ਸੇਬੀ ਪੁਤਰ ਬੇਧਾਵਾ ਰਾਮ ਵਾਸੀ ਬਾਜੀਗਰ ਬਸਤੀ ਲਾਗੜੀਆਂ ਥਾਣਾ ਅਮਰਗੜ੍ਹ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਕਈਆਂ ਉਪਰ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀ ਮੁਤਾਬਿਕ ਗ੍ਰਿਫ਼ਤਾਰ ਕੀਤੇ ਵਿਅਕਤੀ ਦੋਪਹੀਆ ਵਾਹਨਾਂ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦਾ 24 ਘੰਟੇ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਜੇ ਲੋੜ ਪਈ ਤਾਂ ਹੋਰ ਪੁਲਿਸ ਰਿਮਾਂਡ ਵੀ ਮੰਗਿਆ ਜਾਵੇਗਾ। ਐਸ.ਪੀ. ਨੇ ਦਾਅਵਾ ਕੀਤਾ ਕਿ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਕੀਤੀ ਤਫ਼ਤੀਸ਼ ਵਿਚ ਹੋਰ ਵਾਰਦਾਤਾਂ ਸਬੰਧੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।