ਮਾਲੇਰਕੋਟਲਾ, 23 ਮਈ (ਬਲਵਿੰਦਰ ਸਿੰਘ ਭੁੱਲਰ) : ਸਾਲ 2022 ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਤਤਕਾਲੀ ਪਾਰਲੀਮੈਂਟ ਮੈਂਬਰ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਜਿੱਤਣ ਉੋਪਰੰਤ ਐਮਪੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਲੋਕ ਸਭਾ ਹਲਕਾ ਸੰਗਰੂਰ ਤੋਂ ਹੋਈ ਮੱਧਕਾਲੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਰਾ ਕੇ ਪਾਰਲੀਮੈਂਟ ਮੈਂਬਰ ਦੀ ਸੀਟ ਜਿੱਤੀ। ਜਦੋਂ ਉਨ੍ਹਾਂ ਦਿੱਲੀ ਲੋਕ ਸਭਾ ਸਪੀਕਰ ਦੇ ਦਫਤਰ ਜਾ ਕੇ ਸਹੁੰ ਚੁੱਕਣ ਸਮੇਂ ਇਹ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਅੱਤਵਾਦੀ ਸੀ ਤਾਂ ਉਸ ਵਕਤ ਉਨ੍ਹਾਂ ਦੇ ਇਸ ਬਿਆਨ ਦੀ ਸਮੁੱਚੇ ਸੰਸਾਰ ਅੰਦਰ ਵਸਦੇ ਪੰਜਾਬੀ ਭਾਈਚਾਰੇ ਦਰਮਿਆਨ ਭਾਰੀ ਆਲੋਚਨਾ ਅਤੇ ਕਿਰਕਿਰੀ ਹੋਈ ਸੀ ਕਿਉਂਕਿ ਸਮੂਹ ਪੰਜਾਬੀ ਤਾਂ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਆਪਣਾ ਰਹਿਬਰ ਤੇ ਆਦਰਸ਼ ਸਮਝਦੇ ਹਨ ਜਿਨ੍ਹਾਂ ਦੇਸ਼ ਨੂੰ ਅਜਾਦ ਕਰਵਾਉਣ ਲਈ ਚੜ੍ਹਦੀ ਉਮਰੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹੀਦੀਆਂ ਦੇ ਜਾਮ ਪੀਤੇ। ਦਿੱਲੀ ਤੋਂ ਵਾਪਸੀ ਵੇਲੇ ਕਰਨਾਲ ਵਿਖੇ ਜਦੋਂ ਕੁਝ ਪੱਤਰਕਾਰਾਂ ਨੇ ਸ.ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਕਿ ਤੁਸੀਂ ਸ਼ਹੀਦ ਭਗਤ ਸਿੰਘ ਅੱਤਵਾਦੀ ਕਿਉਂ ਕਿਹਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਿਸ ਭਗਤ ਸਿੰਘ ਨੇ ਇੱਕ ਅੰਗਰੇਜ਼ ਨੇਵਲ ਅਫਸਰ ਨੂੰ ਮਾਰਿਆ, ਇੱਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਚੰਨਣ ਸਿੰਘ ਨੂੰ ਮਾਰਿਆ ਅਤੇ ਦਿੱਲੀ ਦੀ ਕੌਮੀ ਅਸੈਬਲੀ ਵਿੱਚ ਬੰਬ ਸੁੱਟਿਆ ਤਾਂ ਉਸ ਨੂੰ ਦੇਸ਼ ਭਗਤ ਨਹੀਂ ਅੱਤਵਾਦੀ ਹੀ ਕਿਹਾ ਜਾ ਸਕਦਾ ਹੈ। ਸ.ਮਾਨ ਦੇ ਇਸ ਬਿਆਨ ਉਪਰੰਤ ਉਨ੍ਹਾਂ ਦੇ ਪੁੱਤਰ ਸ.ਇਮਾਨ ਸਿੰਘ ਮਾਨ ਨੇ ਵੀ ਬਿਆਨ ਦੇ ਦਿੱਤਾ ਕਿ ਭਗਤ ਸਿੰਘ ਸ਼ਹੀਦ ਨਹੀਂ ਬਲਕਿ ਇੱਕ ਅੱਤਵਾਦੀ ਸੀ। ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਤਤਕਾਲੀ ਵਿੱਦਿਆ ਮੰਤਰੀ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਐਮਐਲਏ ਗੁਰਮੀਤ ਸਿੰਘ ਮੀਤ ਹੇਅਰ ਨੇ ਸ.ਮਾਨ ਦੇ ਇਸ ਮੰਦਭਾਗੇ ਬਿਆਨ ਦੀ ਭਾਰੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਦੀ ਕੌਮ ਲਈ ਸਭ ਤੋਂ ਵੱਡੀ ਕੁਰਬਾਨੀ ਹੈ ਅਤੇ ਸਾਡੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ੍ਹ ਕਲਾਂ ਵਿਖੇ ਸਹੁੰ ਚੁੱਕ ਕੇ ਸੂਬਾ ਸਰਕਾਰ ਦਾ ਕੰਮ ਆਰੰਭ ਕੀਤਾ ਸੀ।