ਮਾਲੇਰਕੋਟਲਾ, 12 ਦਸੰਬਰ (ਬਲਵਿੰਦਰ ਸਿੰਘ ਭੁੱਲਰ) : ਇਨ੍ਹਾਂ ਦਿਨਾਂ ਦੌਰਾਨ ਪੰਜਾਬ ਵਿੱਚ ਵਿਆਹਾਂ ਦਾ ਪੂਰਾ ਜੋਰ ਹੈ ਪਰ ਵਿਆਹਾਂ ਦੀਆਂ ਬਹੁਤ ਸਾਰੀਆਂ ਰਸਮਾਂ ਰਿਵਾਜ਼ਾਂ ਵਿੱਚ ਲੋੜੀਂਦੇ ਦਸ-ਦਸ ਰੁਪਏ ਦੇ ਨਵੇਂ ਨੋਟਾਂ ਦੀ ਮੰਡੀ ਵਿੱਚ ਲੋੜ੍ਹ ਨਾਲੋਂ ਵੱਧ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਅਮੀਰ ਗਰੀਬ ਜਾਂ ਕਿਸੇ ਵੀ ਲੜਕੇ ਅਤੇ ਲੜਕੀ ਦੇ ਵਿਆਹ ਵਿੱਚ ਦਸ-ਦਸ ਰੁਪਏ ਦੇ ਨਵੇਂ ਨੋਟਾਂ ਦੀ ਵਰਤੋਂ ਸਬੰਧਤ ਪ੍ਰਵਾਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਅਤੇ ਇਹ ਨੋਟ ਪੰਜਾਬੀ ਵਿਆਹਾਂ ਦੇ ਸੱਭਿਆਚਾਰ ਦਾ ਇੱਕ ਖਾਸ ਹਿੱਸਾ ਅਤੇ ਅਤੁੱਟ ਅੰਗ ਬਣ ਗਏ ਹਨ ਜਿਨ੍ਹਾਂ ਤੋਂ ਬਗੈਰ ਕੰਮ ਨਹੀਂ ਚਲਦਾ। ਅਮੀਰ ਘਰਾਂ ਵਾਲੇ ਭਾਵੇਂ ਇਨ੍ਹਾਂ ਦਸਾਂ ਦੇ ਨੋਟਾਂ ਦੀ ਥਾਂ ਪੰਜਾਹ ਰੁਪਏ ਦੇ ਜਾਂ ਸੌ ਰੁਪਏ ਦੇ ਨੋਟ ਵੀ ਵਰਤ ਸਕਦੇ ਹਨ ਪਰ ਮੱਧ ਵਰਗ ਅਤੇ ਨਿਮਨ ਮੱਧ ਵਰਗ ਨਾਲ ਸਬੰਧ ਰਖਦੇ ਪ੍ਰਵਾਰਾਂ ਦਾ ਦਸ ਰੁਪਏ ਦੀ ਕਰੰਸੀ ਦੇ ਇਨ੍ਹਾਂ ਨਵੇਂ ਨੋਟਾਂ ਬਗੈਰ ਵਿਆਹ ਪੂਰ ਨਹੀਂ ਚੜ੍ਹਦਾ। ਆਪਣੇ ਬੱਚਿਆਂ ਦਾ ਵਿਆਹ ਕਰਨ ਵਾਲੇ ਇੱਕ ਪਿੰਡ ਵਸਦੇ ਸੱਜਣ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਮਾਲੇਰਕੋਟਲਾ ਵਿਖੇ ਦਸ-ਦਸ ਰੁਪਏ ਦੇ ਨੋਟਾਂ ਦੀਆਂ ਕਾਪੀਆਂ ਲੈਣ ਲਈ ਆਇਆ ਸੀ ਪਰ 100 ਰੁਪਏ ਵਾਲੀਆਂ ਕਾਪੀਆਂ ਦੇ ਦਸ-ਦਸ ਦੇ ਨੋਟਾਂ ਦੀ ਰਕਮ ਤਾਂ 1000 ਰੁਪਏ ਹੀ ਬਣਦੀ ਹੈ ਪਰ ਸਥਾਨਕ ਸ਼ਹਿਰ ਅੰਦਰ ਕਰੰਸੀ ਦਾ ਧੰਦਾ ਕਰਨ ਵਾਲੇ ਵਪਾਰੀ ਇੱਕ ਹਜ਼ਾਰ ਰੁਪਏ ਦੇ ਨੋਟਾਂ ਦੀ ਇੱਕ ਕਾਪੀ ਦਾ 1600 ਰੁਪਏ ਮੰਗ ਰਹੇ ਹਨ ਜੋ ਕਿ ਭਾਰਤ ਦੇਸ਼ ਅੰਦਰ ਭਾਰਤੀ ਕਰੰਸੀ ਦੀ ਸ਼ਰੇਆਮ ਬਲੈਕ ਮਾਰਕੀਟਿੰਗ ਹੈ। ਜਦੋਂ ਉਨ੍ਹਾਂ ਪਾਸੋਂ ਪੁੱਛਿਆ ਗਿਆ ਕਿ ਉਹ ਇਹ ਨੋਟ ਕਿਸੇ ਬੈਂਕ ਪਾਸੋਂ ਕਿਉਂ ਨਹੀਂ ਲੈ ਲੈਂਦੇ ਤਾਂ ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚ 50 ਅਤੇ 100 ਰੁਪਏ ਦੇ ਨਵੇਂ ਨੋਟਾਂ ਦੀ ਕੋਈ ਕਮੀ ਨਹੀਂ ਪਰ ਉਥੇ ਦਸ ਦਸ ਦੇ ਨਵੇਂ ਨੋਟ ਨਹੀਂ ਮਿਲਦੇ।