ਮਾਲੇਰਕੋਟਲਾ, 11 ਜਨਵਰੀ (ਬਲਵਿੰਦਰ ਸਿੰਘ ਭੁੱਲਰ) : ਸਮੇਂ ਦੀਆਂ ਹਾਕਮ ਸਰਕਾਰਾਂ ਵਲੋਂ ਦੇਸ਼ ਦੀਆਂ ਵੱਖ ਵੱਖ ਜੇਲਾਂ ਵਿੱਚ ਬੀਤੇ ਤਿੰਨ ਚਾਰ ਦਹਾਕਿਆਂ ਤੋਂ ਬੰਦ ਕੀਤੇ ਗਏ ਪੰਜਾਬ ਦੇ ਬੰਦੀ ਸਿੰਘਾਂ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਹੀ ਦਿਨ ਪਹਿਲਾਂ ਦੇਸ਼ ਦੀ ਸੰਸਦ ਅੰਦਰ ਖੜੇ੍ਹ ਹੋ ਕੇ ਇਹ ਬਿਆਨ ਜਾਰੀ ਕੀਤਾ ਸੀ ਕਿ ਜਦੋਂ ਤੱਕ ਜੇਲਾਂ ਅੰਦਰ ਬੰਦ ਕੀਤੇ ਗਏ ਸੈਂਕੜੇ ਬੰਦੀ ਸਿੰਘ ਆਪਣੇ ਕੀਤੇ ਦੀ ਗਲਤੀ ਨਹੀਂ ਮੰਨਦੇ, ਉਦੋਂ ਤੱਕ ਉਨ੍ਹਾਂ ਨੂੰ ਮੁਆਫ ਕਰਨ ਜਾਂ ਜੇਲਾਂ ਵਿੱਚੋਂ ਰਿਹਾਅ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਜੇਲਾਂ ਵਿੱਚ ਬੰਦ ਕੀਤੇ ਗਏ ਬੰਦੀ ਸਿੰਘ ਇਹ ਗੱਲ ਵਾਰ ਵਾਰ ਕਹਿ ਰਹੇ ਹਨ ਕਿ ਅਸੀਂ ਜੋ ਕੀਤਾ ਸੋਚ ਸਮਝ ਕੇ ਸਹੀ ਮੰਨ ਕੇ ਕੀਤਾ ਹੈ ਅਤੇ ਸਾਨੂੰ ਸਾਡੇ ਕੀਤੇ ਤੇ ਕੋਈ ਪਛਤਾਵਾ ਨਹੀਂ। ਦੂਜੇ ਪਾਸੇ ਅਗਰ ਅਸੀਂ ਅਮਿਤ ਸ਼ਾਹ ਦੇ ਇਸ ਬਿਆਨ ਨੂੰ ਮੁਗਲ ਸਮਰਾਟ ਔਰੰਗਜੇਬ ਦੁਆਰਾ ਆਪਣੀ ਫੌਜ ਦੇ ਨਿਯੁਕਤ ਕੀਤੇ ਗਏ ਜਰਨੈਲ ਸੂਬਾ ਸਰਹੰਦ ਵਜੀਦ ਖਾਨ ਵਲੋਂ ਛੋਟੇ ਸਾਹਿਬਜਾਦਿਆਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰਨ ਤੋਂ ਪਹਿਲਾਂ ਵਾਰ ਵਾਰ ਇਹ ਕਹਿਣਾ ਕਿ ਤੁਹਾਡੀ ਪਹਿਲੀ ਗਲਤੀ ਤਾਂ ਇਹ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਅਤੇ ਦੂਸਰੀ ਗਲਤੀ ਇਹ ਹੈ ਕਿ ਤੁਸੀਂ ਇਸਲਾਮ ਧਰਮ ਕਬੂਲ ਕਰਨ ਤੋਂ ਵੀ ਇਨਕਾਰੀ ਹੋ,ਅਤੇ ਤੀਸਰੀ ਗਲਤੀ ਇਹ ਹੈ ਕਿ ਤੁਸ਼ੀਂ ਦੋਵੇਂ ਸਾਹਮਣੇ ਖੜੀ੍ਹ ਮੌਤ ਤੋਂ ਵੀ ਨਹੀਂ ਡਰ ਰਹੇ। ਸੋ, ਅਗਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੀਆਂ ਗਲਤੀਆਂ ਮੰਨ ਲੈਂਦੇ ਹੋ ਤਾਂ ਅਸੀਂ ਤੁਹਾਨੂੰ ਮੁਆਫ ਵੀ ਕਰ ਦੇਵਾਂਗੇ ਅਤੇ ਰਿਹਾਅ ਵੀ ਕਰ ਦੇਵਾਂਗੇ। ਹੁਣ, ਬਿੱਲਕੁੱਲ ਇਸੇ ਤਰਾਂ੍ਹ ਦਾ ਸਲੂਕ ਕੇਂਦਰ ਵਿੱਚ ਰਾਜ ਕਰਦੀ ਭਾਜਪਾ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੰਜਾਬ ਦੇ ਬੰਦੀ ਸਿੰਘਾਂ ਨਾਲ ਕੀਤਾ ਜਾ ਰਿਹਾ ਹੈ ਜਿਹੜੇ ਬੰਦੀ ਸਿੰਘਾਂ ਨੂੰ ਕਹਿ ਰਹੇ ਹਨ ਕਿ ਆਪਣੇ ਕੀਤੇ ਪਾਪਾਂ ਸਬੰਧੀ ਮਾਫੀ ਮੰਗੋ ਅਸੀਂ ਤੁਹਾਨੂੰ ਜੇਲਾਂ ਵਿੱਚੋਂ ਰਿਹਾਅ ਕਰਾਂਗੇ। ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਅਤੇ ਔਰੰਗਜੇਬ ਦੀ ਮੁਗਲ ਸਰਕਾਰ ਵਿੱਚ ਕੀ ਅੰਤਰ ਹੈ ਕਿਉਂਕਿ ਦੋਵਾਂ ਹਾਕਮਾਂ ਵਲੋਂ ਬੇਦੋਸ਼ਿਆਂ ਨੂੰ ਗਲਤੀਆਂ ਮੰਨਣ ਅਤੇ ਆਪਣੇ ਕੀਤੇ ਤੇ ਪਛਤਾਵਾ ਕਰਨ ਲਈ ਕਿਹਾ ਜਾ ਰਿਹਾ ਹੈ?