ਇੰਦੌਰ ਵਿਚ ਪ੍ਰਸ਼ਾਸਨ ਵੱਲੋਂ ਸੀਲ ਕੀਤੇ ਇਕ ਅਖੌਤੀ ਅਨਾਥ ਆਸ਼ਰਮ ਵਿਚ ਸਜ਼ਾ ਦੇ ਨਾਂ ‘ਤੇ ਬੱਚਿਆਂ ਨਾਲ ਬੇਰਹਿਮੀ ਨਾਲ ਵਿਵਹਾਰ ਕਰਨ ਦੇ ਦੋਸ਼ ਵਿਚ 5 ਔਰਤਾਂ ਖਿਲਾਫ ਐੱਫ. ‘ਆਈ. ਆਰ. ਦਰਜ ਕੀਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ 12 ਜਨਵਰੀ ਨੂੰ ਵਿਜੇ ਨਗਰ ਇਲਾਕੇ ‘ਚ ਵਾਤਸਲਿਆਪੁਰਮ ਨਾਂ ਦੇ ਕਥਿਤ ਅਨਾਥ ਆਸ਼ਰਮ ਨੂੰ ਗੈਰ-ਕਾਨੂੰਨੀ ਸੰਚਾਲਨ ਦੇ ਦੋਸ਼ ‘ਚ ਸੀਲ ਕਰ ਦਿੱਤਾ ਸੀ। ਅਧਿਕਾਰੀ ਮੁਤਾਬਕ ਕਥਿਤ ਅਨਾਥ ‘ਆਸ਼ਰਮ ‘ਚ ਰਹਿਣ ਵਾਲੀਆਂ ਲੜਕੀਆਂ ਨੇ ਚਾਈਲਡ ਵੈਲਫੇਅਰ ਕਮੇਟੀ (ਸੀ. ਡਬਲਯੂ. ਸ. ਸੀ.) ਨੂੰ ਦੱਸਿਆ ਕਿ ਇਸ ਕੈਂਪਸ ‘ਚ ਸਜ਼ਾ ਦੇ ਨਾਂ ‘ਤੇ ਬੱਚਿਆਂ ਨਾਲ ਬੇਰਹਿਮ ਸਲੂਕ ਕੀਤਾ ਜਾਂਦਾ ਸੀ । ਉਨ੍ਹਾਂ ਨੇ 17 ਜਨਵਰੀ ਦੀ ਰਾਤ ਨੂੰ ਦਰਜ ਕਰਵਾਈ ਐੱਫ. ਆਈ. ਆਰ. ਵਿਚ ਕਿਹਾ ਕਿ ਜਦੋਂ ਇਕ 4 ਸਾਲ ਦੀ ਬੱਚੀ ਨੇ ਆਪਣੇ ਕੱਪੜੇ ਗੰਦੇ ਕਰ ਲਏ ਸਨ ਤਾਂ ਉਸ ਨੂੰ ਕੁੱਟਣ ਤੋਂ ਬਾਅਦ ਕਈ ਘੰਟੇ ਬਾਥਰੂਮ ਵਿਚ ਬੰਦ ਰੱਖਿਆ ਗਿਆ ਅਤੇ 2 ਦਿਨ ਤੱਕ ਖਾਣਾ ਵੀ ਨਹੀਂ ਦਿੱਤਾ ਗਿਆ।ਐੱਫ. ਆਈ. ਆਰ. ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਕਥਿਤ ਅਨਾਥ ਆਸ਼ਰਮ ਵਿਚ ਬੱਚਿਆਂ ਨੂੰ ਉਲਟਾ ਲਟਕਾ ਦਿੱਤਾ ਜਾਂਦਾ ਹੈ ਅਤੇ ਹੇਠਾਂ ਇਕ ਗਰਮ ਤਵੇ ਉੱਤੇ ਲਾਲ ਮਿਰਚਾਂ ਰੱਖ ਕੇ ਧੂਣੀ ਲਗਾਈ ਜਾਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਐੱਫ. ਆਈ. ਆਰ. ਵਿਚ ਇਕ ਨਾਬਾਲਗ ਲੜਕੀ ਦੇ ਹੱਥੋਂ 2 ਬੱਚਿਆਂ ਨੂੰ ਜ਼ਬਰਦਸਤੀ ਗਰਮ ਚਿਮਟੇ ਨਾਲ ਸਾੜਨ ਅਤੇ ਇਕ ਲੜਕੀ ਨੂੰ ਹੋਰਨਾਂ ਬੱਚਿਆਂ ਦੇ ਸਾਹਮਣੇ ਨਗਨ ਕੀਤਾ ਜਾਣ ਤੋਂ ਬਾਅਦ ਭੱਠੀ ਨੇੜੇ ਲਿਜਾਕੇ ਸਾੜਨ ਦੀ ਧਮਕੀ ਦਿੱਤੇ ਜਾਣ ਦੇ ਵੀ ਦੋਸ਼ ਹਨ।