ਕੇਂਦਰੀ ਜਾਂਚ ਏਜੰਸੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ‘ਤੇ ਅੱਜ ਮੁੜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਕਾਂਗਰਸ ਆਗੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਭੇਜ ਦਿੱਤਾ ਹੈ। ਜੂਡੀਸ਼ਲ ਰਿਮਾਂਡ ਦੌਰਾਨ ਧਰਮਸੋਤ ਨੂੰ ਕੇਂਦਰੀ ਜੇਲ੍ਹ ਨਾਭਾ ਵਿੱਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਖੜ੍ਹੇ ਦਰੱਖ਼ਤ ਕਟਵਾਉਣ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਧਰਮਸੋਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ 30 ਨਵੰਬਰ ਨੂੰ ਈਡੀ ਨੇ ਇਹ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਜਾਣਕਾਰੀ ਅਨੁਸਾਰ ਸੰਮਨਾਂ ਦੀ ਤਾਮੀਲ ਕਰਦਿਆਂ ਹਫ਼ਤਾ ਪਹਿਲਾਂ ਧਰਮਸੋਤ ਦੂਸਰੀ ਵਾਰ ਈਡੀ ਦੀ ਜਾਂਚ ਟੀਮ ਅੱਗੇ ਪੇਸ਼ ਹੋਏ ਸਨ ਤੇ ਪੁੱਛ- ਪੜਤਾਲ ਦੌਰਾਨ ਤਸੱਲੀਬਖ਼ਸ ਜਵਾਬ ਨਾ ਦੇਣ ‘ਤੇ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਧਰਮਸੋਤ ਆਪਣੇ ਚਹੇਤੇ ਠੇਕੇਦਾਰ ਹਰਵਿੰਦਰ ਸਿੰਘ ਹੰਮੀ ਤੇ ਕਾਂਗਰਸ ਵਜ਼ਾਰਤ ਦੌਰਾਨ ਉਨ੍ਹਾਂ ਨਾਲ ਓਐੱਸਡੀ ਰਹੇ ਕੰਵਲਪ੍ਰੀਤ ਸਿੰਘ ਰਾਹੀਂ ਰਿਸ਼ਵਤ ਦਾ ਪੈਸਾ ਲੈਂਦਾ ਸੀ।