ਬਲੋਮਫੋਂਟੇਨ, ਮੁਸ਼ੀਰ ਖਾਨ ਦੇ ਸੈਂਕੜੇ ਤੋਂ ਬਾਅਦ ਨਮਨ ਤਿਵਾੜੀ ਅਤੇ ਸਵਾਮੀ ਪਾਂਡੇ ਦੀ ਤਿੱਖੀ ਗੇਂਦਬਾਜ਼ੀ ਨਾਲ ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਗਰੁੱਪ-ਏ ਮੈਚ ‘ਚ ਵੀਰਵਾਰ ਨੂੰ ਇੱਥੇ ਆਇਰਲੈਂਡ ਨੂੰ 201 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਦੇ 302 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਟੀਮ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤਿਵਾੜੀ (53 ਦੌੜਾਂ ‘ਤੇ 4 ਵਿਕਟਾਂ) ਅਤੇ ਖੱਬੇ ਹੱਥ ਦੇ ਸਪਿਨਰ ਪਾਂਡੇ (21 ਦੌੜਾਂ ‘ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 29.3 ਓਵਰਾਂ ‘ਚ ਸਿਰਫ 100 ਦੌੜਾਂ ਹੀ ਬਣਾ ਸਕੀ। ਆਇਰਲੈਂਡ ਲਈ 10ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਡੇਨੀਅਲ ਫੋਰਕਿਨ ਨੇ ਸਭ ਤੋਂ ਵੱਧ ਅਜੇਤੂ 27 ਦੌੜਾਂ ਬਣਾਈਆਂ।ਟੀਮ ਨੇ 45 ਦੌੜਾਂ ਤਕ ਹੀ 8 ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਦੀ ਹਾਰ ਦਾ ਫਰਕ ਹੋਰ ਵੀ ਵੱਡਾ ਹੋ ਸਕਦਾ ਸੀ ਪਰ ਫੋਰਕਿਨ ਨੇ ਓਲੀਵਰ ਰਿਲੀ (15 ਦੌੜਾਂ) ਨਾਲ 9ਵੀਂ ਵਿਕਟ ਲਈ 39 ਦੌੜਾਂ ਅਤੇ ਲਿਨ ਲੂਟੋਨ (07 ਦੌੜਾਂ) ਨਾਲ ਆਖਰੀ ਵਿਕਟ ਲਈ 16 ਦੌੜਾਂ ਜੋੜ ਕੇ ਟੀਮ ਦਾ ਸਕੋਰ ਤੀਹਰੇ ਅੰਕ ਤੱਕ ਪਹੁੰਚ ਗਿਆ।