ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਦੇਸ਼ ਦੇ ਸੱਭ ਤੋਂ ਵੱਡੇ ਬੇਰੁਜ਼ਗਾਰੀ ਮੁੱਦੇ ਦਾ ਕੋਈ ਹੱਲ ਨਹੀਂ ਹੈ ਅਤੇ ‘ਮੋਦੀ ਦੀ ਗਰੰਟੀ’ ਵਰਗੀਆਂ ਗੱਲਾਂ ਇਕ ਜੁਮਲਾ ਹੈ। ਵਾਡਰਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਕ ਵੀਡੀਉ ਵੀ ਸਾਂਝਾ ਕੀਤਾ, ਜਿਸ ‘ਚ ਵੱਡੀ ਗਿਣਤੀ ‘ਚ ਲੋਕ ਇਜ਼ਰਾਈਲ ‘ਚ ਨੌਕਰੀ ਪਾਉਣ ਦੇ ਮਕਸਦ ਨਾਲ ਕਤਾਰਾਂ ‘ਚ ਖੜ੍ਹੇ ਦਿਸ ਰਹੇ ਹਨ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜੇਕਰ ਕਿਤੇ ਵੀ ਜੰਗ ਦੀ ਸਥਿਤੀ ਹੈ ਤਾਂ ਸੱਭ ਤੋਂ ਪਹਿਲਾਂ ਅਸੀਂ ਅਪਣੇ ਨਾਗਰਿਕਾਂ ਨੂੰ ਉੱਥੋਂ ਬਚਾ ਕੇ ਉਨ੍ਹਾਂ ਦੇ ਵਤਨ ਵਾਪਸ ਲਿਆਉਂਦੇ ਹਾਂ ਪਰ ਬੇਰੁਜ਼ਗਾਰੀ ਨੇ ਅੱਜ ਅਜਿਹੀ ਸਥਿਤੀ ਬਣਾ ਦਿਤੀ ਹੈ ਕਿ ਦੇਸ਼ ਦੀ ਸਰਕਾਰ ਜੰਗ ਗ੍ਰਸਤ ਇਜ਼ਰਾਈਲ ਜਾ ਕੇ ਹਜ਼ਾਰਾਂ ਬੇਸਹਾਰਾ ਅਤੇ ਮਜਬੂਰ ਨੌਜੁਆਨਾਂ ਨੂੰ ਇਹ ਜੋਖਮ ਲੈਣ ਤੋਂ ਵੀ ਨਹੀਂ ਬਚਾ ਰਹੀ।