ਮੁੰਬਈ: ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਨਾਲ ਵਿਆਹ ਕਰਨ ਦੇ ਆਪਣੇ ਵਾਅਦੇ ਤੋਂ ਇਸ ਲਈ ਮੁਕਰਦਾ ਹੈ ਕਿਉਂਕਿ ਉਸਦਾ ਪਰਿਵਾਰ ਸਹਿਮਤ ਨਹੀਂ ਹੈ, ਤਾਂ ਇਹ ਜਬਰ-ਜ਼ਨਾਹ ਦਾ ਅਪਰਾਧ ਨਹੀਂ ਬਣਦਾ ਹੈ। ਹਾਈ ਕੋਰਟ ਨੇ 31 ਸਾਲਾ ਇਕ ਵਿਅਕਤੀ ਨੂੰ ਉਸਦੇ ਖਿਲਾਫ ਦਰਜ ਮਾਮਲੇ ‘ਚ ਬਰੀ ਕਰਦੇ ਹੋਏ ਇਹ ਟਿੱਪਣੀ ਕੀਤੀ। ਇਸ ਵਿਅਕਤੀ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਜਸਟਿਸ ਐੱਮ. ਡਬਲਯੂ. ਚੰਦਵਾਨੀ ਦੇ ਸਿੰਗਲ ਬੈਂਚ ਨੇ 30 ਜਨਵਰੀ ਨੂੰ ਦਿੱਤੇ ਹੁਕਮ ‘ਚ ਕਿਹਾ ਕਿ ਇਕ ਵਿਅਕਤੀ ਨੇ ਸਿਰਫ਼ ਵਿਆਹ ਦਾ ਵਾਅਦਾ ਤੋੜਿਆ ਹੈ ਅਤੇ ਔਰਤ ਨੂੰ ਉਸਦੇ ਨਾਲ ਸਰੀਰਕ ਸਬੰਧ ਬਣਾਉਣ ਲਈ ਵਿਆਹ ਦਾ ਵਾਅਦਾ ਨਹੀਂ ਕੀਤਾ ਸੀ। ਮਾਮਲੇ ‘ਚ ਦੋਸ਼ਮੁਕਤ ਕਰਨ ਦੀ ਅਪੀਲ ਸਬੰਧੀ ਪਟੀਸ਼ਨ ‘ਚ ਵਿਅਕਤੀ ਨੇ ਕਿਹਾ ਹੈ ਕਿ ਉਸ ਦਾ ਔਰਤ ਨਾਲ ਵਿਆਹ ਕਰਨ ਦਾ ਪੂਰਾ ਇਰਾਦਾ ਸੀ ਪਰ ਪਰਿਵਾਰ ਵਾਲਿਆਂ ਨੇਂ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ ।