ਲੁਧਿਆਣਾ: ਲੁਧਿਆਣਾ ‘ਚ ਪਤੀ ਦੀ ਝਿੜਕਾਂ ਤੋਂ ਨਾਰਾਜ਼ ਹੋ ਕੇ ਨੋਇਡਾ ਨਿਵਾਸੀ ਪਤਨੀ ਨੇ ਅਪਣੇ ਕਮਰੇ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ ਸਾਹਨੇਵਾਲ ਦੇ ਸਤਿਗੁਰੂ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਅਰਚਨਾ ਦੇ ਫਾਹਾ ਲੈਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕ ਦਾ ਦਿਉਰ ਅੰਦਰ ਉਸ ਨੂੰ ਬੁਲਾਉਣ ਲਈ ਗਿਆ। ਉਸ ਸਮੇਂ ਭਰਜਾਈ ਗਲੇ ਵਿੱਚ ਪਾਈ ਰੱਸੀ ਨਾਲ ਲਟਕ ਰਹੀ ਸੀ ਅਤੇ ਉਸ ਦੀ ਮੌਤ ਹੋ ਚੁਕੀ ਸੀ। ਉਸ ਨੇ ਤੁਰਤ ਅਪਣੇ ਭਰਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੇਰ ਰਾਤ ਔਰਤ ਦੇ ਪੇਕੇ ਪ੍ਰਵਾਰ ਨੂੰ ਸੂਚਨਾ ਦਿਤੀ। ਅੱਜ ਸਵੇਰੇ ਮ੍ਰਿਤਕ ਅਰਚਨਾ ਦੇ ਪੇਕੇ ਪ੍ਰਵਾਰ ਦੇ ਮੈਂਬਰ ਨੋਇਡਾ ਤੋਂ ਸਿਵਲ ਹਸਪਤਾਲ ਪੁੱਜੇ। ਪ੍ਰਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿਤਾ ਗਿਆ ਹੈ। ਜਾਂਚ ਅਧਿਕਾਰੀ ਏਐਸਆਈ ਰਾਮਾਮੂਰਤੀ ਨੇ ਦਸਿਆ ਕਿ ਮ੍ਰਿਤਕਾ ਦੇ ਸਹੁਰਾ ਪ੍ਰਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।